DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਆਈ ਟੂਲਜ਼ ਰਾਹੀਂ ਗੁਰਬਾਣੀ ਬਾਰੇ ਗਲਤ ਜਾਣਕਾਰੀ ਦਾ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ

ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈ-ਮੇਲ ਭੇਜ ਕੇ ਪ੍ਰਗਟਾਇਆ ਇਤਰਾਜ਼
  • fb
  • twitter
  • whatsapp
  • whatsapp
Advertisement

ਵੱਖ-ਵੱਖ ਗੁਰਬਾਣੀ ਐਪਸ ਉੱਤੇ ਗੁਰਬਾਣੀ ਦੀ ਗਲਤ ਪੇਸ਼ਕਾਰੀ, ਇੰਟਰਨੈੱਟ ਰਾਹੀਂ ਆ ਰਹੀਆਂ ਧਮਕੀਆਂ ਅਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮੰਚਾਂ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਬਾਰੇ ਗਲਤ ਜਾਣਕਾਰੀ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ। ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਨੇ ਅਜਿਹੇ ਵੱਖ-ਵੱਖ ਏਆਈ ਪਲੇਟਫਾਰਮਾਂ ਦੇ ਪ੍ਰਬੰਧਕਾਂ ਨੂੰ ਈ-ਮੇਲ ਪੱਤਰ ਭੇਜ ਕੇ ਇਸ ਸਬੰਧੀ ਇਤਰਾਜ਼ ਪ੍ਰਗਟਾਇਆ ਹੈ। ਜਿਹੜੇ ਏਆਈ ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਈ-ਮੇਲਜ਼ ਭੇਜੀਆਂ ਗਈਆਂ ਹਨ, ਉਨ੍ਹਾਂ ਵਿੱਚ ਚੈਟ ਜੀਪੀਟੀ, ਡੀਪਸੀਕ, ਗਰੋਕ, ਜੈਮਿਨੀ ਏਆਈ, ਮੈਟਾ, ਗੂਗਲ, ਵੀਓ 3, ਡਿਸਕ੍ਰਿਪਟ, ਰਨਵੇਅ ਐੱਮਐੱਲ, ਪਿਕਟੋਰੀ, ਮਜਿਸਟੋ, ਇਨਵੀਡਿਓ, ਡੈਲ-ਈ 2, ਮਿੱਡਜਰਨੀ, ਡੀਪਏਆਈ ਅਤੇ ਹੋਰ ਸ਼ਾਮਲ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀਆਂ ਆਪਣੀਆਂ ਮੌਲਿਕ ਪਰੰਪਰਾਵਾਂ ਹਨ, ਜਿਨ੍ਹਾਂ ਵਿੱਚ ਤਬਦੀਲੀ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤਕਨੀਕੀ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਤਸਵੀਰਾਂ ਨਾਲ ਛੇੜ-ਛਾੜ ਕੀਤੇ ਜਾਣ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ। ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰਬਾਣੀ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਹੀਂ ਹੋ ਸਕਦੀ, ਪਰ ਕੁਝ ਏਆਈ ਐਪਸ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਨੂੰ ਗਲਤ ਢੰਗ ਨਾਲ ਦਰਸਾ ਰਹੀਆਂ ਹਨ, ਜੋ ਗੁਰਬਾਣੀ ਦੀ ਬੇਅਦਬੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਈ ਇਤਰਾਜ਼ ਮਿਲੇ ਹਨ, ਜਿਸ ਦੇ ਮੱਦੇਨਜ਼ਰ ਏਆਈ ਪਲੇਟਫਾਰਮਾਂ ਨੂੰ ਈ-ਮੇਲ ਭੇਜ ਕੇ ਗਲਤ ਜਾਣਕਾਰੀਆਂ ’ਤੇ ਰੋਕ ਲਾਉਣ ਲਈ ਕਿਹਾ ਗਿਆ ਹੈ।

Advertisement

ਗ੍ਰਹਿ ਮੰਤਰੀ ਨੂੰ ਮਸਲੇ ਪ੍ਰਤੀ ਗੰਭੀਰਤਾ ਦਿਖਾਉਣ ਦੀ ਅਪੀਲ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਧਾਮੀ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੰਜੀਦਾ ਮਸਲੇ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਸਰਕਾਰੀ ਤੌਰ ’ਤੇ ਵੀ ਨੋਟਿਸ ਲਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧ ’ਚ ਕੋਈ ਠੋਸ ਨੀਤੀ ਬਣਾ ਕੇ ਇਸ ਰੁਝਾਨ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ।

ਸੰਗਤ ਨੂੰ ਇਤਿਹਾਸਕ ਸਰੋਤਾਂ ਦੀ ਵਰਤੋਂ ਦੀ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵੱਖ-ਵੱਖ ਏਆਈ ਪਲੇਟਫਾਰਮਾਂ ’ਤੇ ਅਜਿਹੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਰਾਹੀਂ ਸਿੱਖ ਧਾਰਮਿਕ ਸ਼ਖ਼ਸੀਅਤਾਂ, ਪਾਵਨ ਗ੍ਰੰਥਾਂ ਅਤੇ ਸਿੱਖ ਪ੍ਰਤੀਕਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਗੁਰਬਾਣੀ ਐਪਸ ’ਤੇ ਵੀ ਗੁਰਬਾਣੀ ਸ਼ੁੱਧ ਰੂਪ ਵਿੱਚ ਨਹੀਂ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਤੋਂ ਅਧੂਰੀ ਜਾਣਕਾਰੀ ਨਾ ਲੈਣ ਸਗੋਂ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਸਬੰਧੀ ਇਤਿਹਾਸਕ ਸਰੋਤਾਂ ਦੀ ਹੀ ਵਰਤੋਂ ਕਰਨ।

Advertisement
×