DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼੍ਰੋਮਣੀ ਕਮੇਟੀ ਨੇ ਪੁਣਛ ਹਮਲੇ ਦੇ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ

ਧਾਮੀ ਸਣੇ ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ
  • fb
  • twitter
  • whatsapp
  • whatsapp
featured-img featured-img
ਪੁਣਛ ਵਿੱਚ ਪੀੜਿਤ ਪਰਿਵਾਰ ਤੇ ਮੈਂਬਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦਿੰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 16 ਮਈ

Advertisement

ਭਾਰਤ ਪਾਕਿਸਤਾਨ ਵਿੱਚ ਹੋਈ ਜੰਗ ਦੌਰਾਨ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਹੋਏ ਹਮਲੇ ’ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ ਗਏ ਹਨ। ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਵਫਦ ਅੱਜ ਪੁਣਛ ਵਿਖੇ ਰਾਗੀ ਭਾਈ ਅਮਰੀਕ ਸਿੰਘ ਨਮਿੱਤ ਭੋਗ ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜਾ ਹੈ। ਜਿੱਥੇ ਉਨ੍ਹਾਂ ਸਮੂਹ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਦੁਨੀਆਂ ਵਿੱਚ ਜਦੋਂ ਵੀ ਕਿਸੇ ਸਿੱਖ ਨਾਲ ਔਖੀ ਘੜੀ ਬਣੀ ਹੈ ਤਾਂ ਸਿੱਖ ਸੰਸਥਾ ਨੇ ਆਪਣਾ ਫਰਜ਼ ਸਮਝ ਕੇ ਉਸ ਨਾਲ ਖੜੇ ਹੁੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਮਲੇ ਸਮੇਂ ਪੁਣਛ ਵਿੱਚ ਉਥੋਂ ਦੇ ਵਾਸੀ ਰਣਜੀਤ ਸਿੰਘ, ਰਾਗੀ ਭਾਈ ਅਮਰੀਕ ਸਿੰਘ, ਸਾਬਕਾ ਫੌਜੀ ਅਮਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ (ਚਾਰੇ ਵਾਸੀ ਪੁਣਛ) ਦੀ ਮੌਤ ਹੋ ਗਈ ਸੀ। ਇਸ ਹਮਲੇ ਵਿੱਚ ਜ਼ਖ਼ਮੀ ਹੋਏ ਗੁਰਮੀਤ ਸਿੰਘ ਅਤੇ ਉਸ ਦਾ ਪੁੱਤਰ ਇੱਥੇ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।

ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੰਮੂ ਕਸ਼ਮੀਰ ਪਹੁੰਚੇ ਐਡਵੋਕੇਟ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਅੰਮ੍ਰਿਤਪਾਲ ਸਿੰਘ ਕੁਲਾਰ, ਮਹੰਤ ਮਨਜੀਤ ਸਿੰਘ ਮੁਖੀ ਸ਼੍ਰੋਮਣੀ ਡੇਰਾ ਨੰਗਲੀ ਸਾਹਿਬ ਪੁਣਛ, ਭਾਈ ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ, ਭਾਈ ਜਗਤਾਰ ਸਿੰਘ ਸਲਾਹਕਾਰ/ਕੋਆਰਡੀਨੇਟਰ (ਜੰਮੂ ਕਸ਼ਮੀਰ) ਧਰਮ ਪ੍ਰਚਾਰ ਕਮੇਟੀ, ਪਰਵਿੰਦਰ ਸਿੰਘ ਚੇਅਰਮੈਨ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ (ਜੰਮੂ ਕਸ਼ਮੀਰ), ਨਰਿੰਦਰ ਸਿੰਘ ਪ੍ਰਧਾਨ ਡਿਸਟ੍ਰਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਣਛ, ਚਰਨਜੀਤ ਸਿੰਘ ਖਾਲਸਾ ਸਾਬਕਾ ਐਮਐਲਸੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਕਸ਼ਮੀਰ ਦੇ ਪ੍ਰਤੀਨਿਧ ਸ਼ਾਮਲ ਸਨ।

Advertisement
×