ਜਿਨਸੀ ਸ਼ੋਸ਼ਣ: ਪੁੱਛ-ਪੜਤਾਲ ਲਈ ਚੈਤੰਨਯਨੰਦ ਨੂੰ ਦਿੱਲੀ ਇੰਸਟੀਚਿਊਟ ਲਿਆਂਦਾ
ਅਖੌਤੀ ਧਰਮਗੁਰੂ ਦੀਆਂ ਤਿੰਨ ਮਹਿਲਾ ਸਹਯੋਗੀਆਂ ਕੋਲੋਂ ਵੀ ਕੀਤੀ ਜਾਵੇਗੀ ਪੁੱਛ-ਪਡ਼ਤਾਲ
ਦਿੱਲੀ ਦੇ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ’ਚ 17 ਵਿਦਿਆਰਥਣਾਂ ਦੇ ਜਿਨਸੀ-ਸ਼ੋਸ਼ਣ ਦੇ ਮਾਮਲੇ ’ਚ ਮੁਲਜ਼ਮ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਵਸਵਤੀ ਨੂੰ ਜਾਂਚ ਲਈ ਅੱਜ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ਵਿੱਚ ਲਿਆਂਦਾ ਗਿਆ। ਪੂਰਾ ਘਟਨਾਕ੍ਰਮ ਸਮਝਣ ਲਈ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਸਰਸਵਤੀ ਸੰਸਥਾ ਦਾ ਸਾਬਕਾ ਚੇਅਰਮੈਨ ਸੀ। ਉਸ ਨੂੰ ਐਤਵਾਰ ਤੜਕੇ ਆਗਰਾ ਦੇ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ‘ਉਸ ਨੂੰ ਉਸ ਦੇ ਦਫ਼ਤਰ ਲਿਜਾਇਆ ਗਿਆ ਅਤੇ ਕੈਂਪਸ ਅਤੇ ਹੋਸਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਪੁੱਛਿਆ ਗਿਆ। ਹੋਸਟਲ ਦੇ ਬਾਥਰੂਮਾਂ ਦੇ ਬਾਹਰ ਵੀ ਸੀਸੀਟੀਵੀ ਕੈਮਰੇ ਲਾਏ ਹੋਏ ਸਨ, ਜਿਨ੍ਹਾਂ ਦੀ ਫੁਟੇਜ ਸਿੱਧੇ ਉਸ ਦੇ ਮੋਬਾਈਲ ਫੋਨ ’ਤੇ ਦੇਖੀ ਜਾ ਸਕਦੀ ਸੀ।’ ਪੁਲੀਸ ਨੇ ਉਸ ਕੋਲੋਂ ਤਿੰਨ ਮੋਬਾਈਲ ਅਤੇ ਆਈਪੈਡ ਬਰਾਮਦ ਕੀਤਾ ਹੈ। ਸਰਸਵਤੀ ਨੂੰ ਐਤਵਾਰ ਨੂੰ ਪੰਜ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਇਸ ਦੌਰਾਨ ਸਰਵਸਵਤੀ ਦੀਆਂ ਤਿੰਨ ਮਹਿਲਾ ਸਹਿਯੋਗੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ, ਜਿਨ੍ਹਾਂ ’ਤੇ ਵਿਦਿਆਰਥਣਾਂ ਨੂੰ ਧਮਕਾਉਣ ਅਤੇ ਸਰਸਵਤੀ ਵੱਲੋਂ ਭੇਜੇ ਗਏ ਅਸ਼ਲੀਲ ਸੰਦੇਸ਼ ਮਿਟਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ। ਜਾਂਚ ਅਧਿਕਾਰੀ ਅਨੁਸਾਰ ਸਰਸਵਤੀ ਜੁਲਾਈ ਤੋਂ ਵਿਦੇਸ਼ ਵਿੱਚ ਸੀ ਅਤੇ 6 ਅਗਸਤ ਨੂੰ ਭਾਰਤ ਵਾਪਸ ਆਇਆ ਸੀ।