ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਸੱਤ ਮੌਤਾਂ
ਮਹਾਰਾਸ਼ਟਰ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨਾਂਦੇੜ ਜ਼ਿਲ੍ਹੇ ਵਿੱਚ 200 ਤੋਂ ਵੱਧ ਪਿੰਡ ਵਾਸੀ ਫਸ ਗਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਫੌਜ ਦੀਆਂ ਟੁਕੜੀਆਂ ਬੁਲਾਈਆਂ ਗਈਆਂ ਹਨ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਨਾਂਦੇੜ ਦੇ ਮੁਖੇੜ ਤਾਲੁਕਾ ’ਚੋਂ ਪੰਜ ਵਿਅਕਤੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਅਤੇ ਤਿਲੰਗਾਨਾ ਦੇ ਸਾਂਝੇ ਪ੍ਰਾਜੈਕਟ ਲੇਂਡੀ ਡੈਮ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਇਸ ਤੋਂ ਇਲਾਵਾ ਲਾਤੂਰ, ਉਦਗੀਰ ਅਤੇ ਕਰਨਾਟਕ ਦੇ ਨਾਲ ਲੱਗਦੇ ਇਲਾਕਿਆਂ ’ਚੋਂ ਵੀ ਵੱਡੀ ਮਾਤਰਾ ਵਿੱਚ ਪਾਣੀ ਆ ਰਿਹਾ ਹੈ।
ਮੌਸਮ ਵਿਭਾਗ ਨੇ ਮੁੰਬਈ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਲਈ ਭਾਰੀ ਮੀਂਹ ਦਾ ‘ਰੈੱਡ ਅਲਰਟ’ ਜਾਰੀ ਕੀਤਾ, ਜਿਸ ਤੋਂ ਬਾਅਦ ਮੁੰਬਈ ਨਗਰ ਨਿਗਮ ਨੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਖਰਾਬ ਮੌਸਮ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਫੜਨਵੀਸ ਨੇ ਕਿਹਾ ਕਿ ਮੁੰਬਈ ਵਿੱਚ ਅੱਜ 6 ਤੋਂ 8 ਘੰਟਿਆਂ ਵਿੱਚ 177 ਮਿਲੀਮੀਟਰ ਮੀਂਹ ਪਿਆ। ਉਨ੍ਹਾਂ ਕਿਹਾ ਕਿ ਨਾਂਦੇੜ, ਲਾਤੂਰ ਅਤੇ ਬਿਦਰ ਦੇ ਜ਼ਿਲ੍ਹਾ ਕੁਲੈਕਟਰ ਬਚਾਅ ਕਾਰਜਾਂ ਲਈ ਇੱਕ-ਦੂਜੇ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਟੀਮ, ਫੌਜੀ ਯੂਨਿਟ ਅਤੇ ਪੁਲੀਸ ਟੀਮਾਂ ਵੀ ਰਾਹਤ ਵਿੱਚ ਜੁਟੀਆਂ ਹੋਈਆਂ ਹਨ। ਛਤਰਪਤੀ ਸੰਭਾਜੀਨਗਰ ਤੋਂ ਵੀ ਇੱਕ ਫੌਜੀ ਯੂਨਿਟ ਭੇਜੀ ਗਈ ਹੈ। ਨਾਂਦੇੜ ਦੇ ਅਧਿਕਾਰੀ ਨੇ ਦੱਸਿਆ ਕਿ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸਡੀਆਰਐੱਫ) ਨੇ ਬੀਤੇ ਦਿਨ ਵੱਖ-ਵੱਖ ਪਿੰਡਾਂ ’ਚੋਂ 21 ਵਿਅਕਤੀਆਂ ਨੂੰ ਬਚਾਇਆ ਸੀ।
ਮੀਂਹ ਦੇ ਪਾਣੀ ’ਚ ਸਕੂਲ ਬੱਸ ਫਸੀ
ਮੁੰਬਈ: ਮੁੰਬਈ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਮਾਟੁੰਗਾ ਇਲਾਕੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸੜਕ ’ਤੇ ਭਰੇ ਪਾਣੀ ’ਚ ਫਸ ਗਈ। ਬੱਸ ਵਿੱਚ ਛੇ ਬੱਚੇ ਅਤੇ ਦੋ ਸਟਾਫ਼ ਮੈਂਬਰ ਸਨ, ਜਿਨ੍ਹਾਂ ਨੂੰ ਪੁਲੀਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਬੱਸ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਪਾਣੀ ਵਿੱਚ ਫਸੀ ਰਹੀ। ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਅਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ। -ਪੀਟੀਆਈ
ਚੈਂਬੂਰ ਦੇ ਹਸਪਤਾਲ ਵਿੱਚ ਭਰਿਆ ਪਾਣੀ
ਮੁੰਬਈ: ਇੱਥੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੈਂਬੂਰ ਦੇ ਇੱਕ ਹਸਪਤਾਲ ਵਿੱਚ ਪਾਣੀ ਭਰ ਗਿਆ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਮਾਂ ਜਨਰਲ ਹਸਪਤਾਲ ਵਿੱਚ ਪਾਣੀ ਭਰ ਜਾਣ ਕਾਰਨ ਕਈ ਲੋਕਾਂ ਨੂੰ ਆਪਣੇ ਬੀਮਾਰ ਰਿਸ਼ਤੇਦਾਰਾਂ ਨੂੰ ਮੋਢਿਆਂ ’ਤੇ ਚੁੱਕ ਕੇ ਹਸਪਤਾਲ ਦੇ ਅੰਦਰ ਲਿਜਾਣਾ ਪਿਆ। ਅਧਿਕਾਰੀ ਨੇ ਦੱਸਿਆ ਕਿ ਪੰਪ ਰਾਹੀਂ ਹਸਪਤਾਲ ਵਿੱਚ ਜਮ੍ਹਾਂ ਪਾਣੀ ਕੱਢਿਆ ਜਾ ਰਿਹਾ ਹੈ। -ਪੀਟੀਆਈ