DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਰਸਵਾਰਥ ਸੇਵਾ ਭਾਵਨਾ ਤੇ ਅਨੁਸ਼ਾਸਨ ਆਰ ਐੱਸ ਐੱਸ ਦੀ ਤਾਕਤ: ਮੋਦੀ

‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੌਰਾਨ ਦੇਸ਼ ਵਾਸੀਆਂ ਨੂੰ ਗਾਂਧੀ ਜੈਅੰਤੀ ਮੌਕੇ ਖਾਦੀ ਖਰੀਦਣ ਦੀ ਅਪੀਲ; ਸ਼ਹੀਦ ਭਗਤ ਸਿੰਘ ਤੇ ਲਤਾ ਮੰਗੇਸ਼ਕਰ ਨੂੰ ਕੀਤਾ ਯਾਦ

  • fb
  • twitter
  • whatsapp
  • whatsapp
Advertisement

ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ਤੋਂ ਸਿਰਫ਼ ਕੁਝ ਦਿਨ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਰਸਵਾਰਥ ਸੇਵਾ ਦੀ ਭਾਵਨਾ ਤੇ ਅਨੁਸ਼ਾਸਨ ਦਾ ਪਾਠ ਹੀ ਸੰਘ ਦੀ ਅਸਲੀ ਤਾਕਤ ਹੈ ਅਤੇ ਸਵੈਮਸੇਵਕ ਦੇ ਹਰ ਕੰਮ ’ਚ ‘ਰਾਸ਼ਟਰ ਪਹਿਲਾਂ’ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਸੰਬੋਧਨ ’ਚ ਕਿਹਾ ਕਿ ਕੇਸ਼ਵ ਬਲੀਰਾਮ ਹੈਡਗੇਵਾਰ ਨੇ ਦੇਸ਼ ਨੂੰ ਬੌਧਿਕ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ 1925 ’ਚ ਵਿਜੈਦਸ਼ਮੀ ਵਾਲੇ ਦਿਨ ਆਰ ਐੱਸ ਐੱਸ ਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਤੋਂ ਇਸ ਦੀ ਯਾਤਰਾ ਜਿੰਨੀ ਪ੍ਰੇਰਨਾ ਭਰੀ ਹੈ, ਓਨੀ ਹੀ ਯਾਦਗਾਰੀ ਤੇ ਵਿਲੱਖਣ ਵੀ ਰਹੀ ਹੈ। ਖੁਦ ਆਰ ਐੱਸ ਐੱਸ ਦੇ ਪ੍ਰਚਾਰਕ ਰਹੇ ਮੋਦੀ ਨੇ ਹੈਡਗੇਵਾਰ ਦੇ ਉੱਤਰਾਧਿਕਾਰੀ ਐੱਮ ਐੱਸ ਗੋਲਵਲਕਰ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਕਥਨ ਕਿ ‘ਇਹ ਮੇਰਾ ਨਹੀਂ ਹੈ, ਇਹ ਰਾਸ਼ਟਰ ਦਾ ਹੈ’, ਲੋਕਾਂ ਨੂੰ ਸਵਾਰਥ ਤੋਂ ਉੱਪਰ ਉਠ ਕੇ ਰਾਸ਼ਟਰ ਪ੍ਰਤੀ ਸਮਰਪਣ ਲਈ ਪ੍ਰੇਰਿਤ ਕਰਦਾ ਹੈ।

Advertisement

ਮੋਦੀ ਨੇ ਇੱਕ ਵਾਰ ਫਿਰ ਸਵਦੇਸ਼ੀ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਦੋ ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਖਾਦੀ ਦੀ ਕੋਈ ਚੀਜ਼ ਖਰੀਦਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਵੋਕਲ ਫਾਰ ਲੋਕਲ ਨੂੰ ਖਰੀਦਦਾਰੀ ਦਾ ਮੰਤਰ ਬਣਾ ਲਵੋ। ਧਾਰ ਲਓ, ਹਮੇਸ਼ਾ ਲਈ, ਜੋ ਦੇਸ਼ ’ਚ ਤਿਆਰ ਹੋਇਆ ਹੈ, ਉਹੀ ਖਰੀਦਾਂਗੇ। ਜੋ ਦੇਸ਼ ਦੇ ਲੋਕਾਂ ਨੇ ਬਣਾਇਆ ਹੈ, ਉਹੀ ਘਰ ਲਿਜਾਵਾਂਗੇ। ਜਿਸ ’ਚ ਦੇਸ਼ ਦੇ ਕਿਸੇ ਨਾਗਰਿਕ ਦੀ ਮਿਹਨਤ ਹੈ, ਉਹੀ ਸਾਮਾਨ ਵਰਤਾਂਗੇ।’ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਛਠ ਤਿਉਹਾਰ ਨੂੰ ਯੂਨੈਸਕੋ ਦੀ ਵਿਰਾਸਤ ਸੂਚੀ ’ਚ ਸ਼ਾਮਲ ਕਰਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਹੀ ਕੋਸ਼ਿਸ਼ਾਂ ਕਾਰਨ ਕੋਲਕਾਤਾ ਦੀ ਦੁਰਗਾ ਪੂਜਾ ਵੀ ਇਸ ਯੂਨੈਸਕੋ ਸੂਚੀ ਦਾ ਹਿੱਸਾ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਨਾਵਿਕਾ ਸਾਗਰ ਪਰਿਕਰਮਾ ਦੌਰਾਨ ਵਿਲੱਖਣ ਹੌਸਲੇ ਦਾ ਮੁਜ਼ਾਹਰਾ ਕਰਨ ਵਾਲੀਆਂ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਲੈਫਟੀਨੈਂਟ ਕਮਾਂਡਰ ਰੂਪਾ ਨਾਲ ਵੀ ਗੱਲ ਕੀਤੀ। ਮੋਦੀ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਮਹਿਲਾਵਾਂ ਹਰ ਖੇਤਰ ’ਚ ਤੇਜ਼ੀ ਨਾਲ ਪ੍ਰਗਤੀ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸ਼ਹੀਦ ਭਗਤ ਸਿੰਘ ਤੇ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅਸਾਮ ਦੇ ਮਸ਼ਹੂਰ ਗਾਇਕ ਜ਼ੂਬਿਨ ਗਰਗ ਅਤੇ ਮਸ਼ਹੂਰ ਕੰਨੜ ਲੇਖਕ ਐੱਸ ਐੱਲ ਭੈਰੱਪਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

Advertisement
×