ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦ ਨਾ ਫੜੇ ਜਾਣ ਕਾਰਨ ਸੁਰੱਖਿਆ ਸਬੰਧੀ ਫਿਕਰ ਵਧੇ
ਪਹਿਲਗਾਮ ਦਹਿਸ਼ਤੀ ਹਮਲੇ ਦੇ ਤਿੰਨ ਮਹੀਨਿਆਂ ਬਾਅਦ ਵੀ ਇਸ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਗਰਦ ਫਰਾਰ ਹੋਣ ਕਾਰਨ ਇਲਾਕੇ ’ਚ ਸੁਰੱਖਿਆ ਕੋਤਾਹੀਆਂ ਸਬੰਧੀ ਚਿੰਤਾ ਜਤਾਈ ਜਾ ਰਹੀ ਹੈ ਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਵਧ ਰਹੀ ਹੈ।
ਕੌਮੀ ਜਾਂਚ ਬਿਊਰੋ (ਐੱਨਆਈਏ) ਨੇ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਦੇ ਸਬੰਧ ’ਚ ਹਾਲੇ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਇਨ੍ਹਾਂ ਨੇ ਹਮਲਾਵਰਾਂ ਨੂੰ ਸਾਮਾਨ ਮੁਹੱਈਆ ਕਰਵਾਇਆ ਸੀ ਜਦਕਿ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦ ਹਾਲੇ ਵੀ ਸੁਰੱਖਿਆ ਏਜੰਸੀਆਂ ਦੇ ਹੱਥ ਨਹੀਂ ਆਏ ਹਨ।
ਅਗਲੇ ਮਹੀਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਰਹੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ ਨੂੰ ‘ਸੁਰੱਖਿਆ ਨਾਕਾਮੀ’ ਮੰਨਦਿਆਂ ਇਸ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਵੱਲੋਂ ਇਹ ਕਬੂਲੇ ਜਾਣ ਦੀ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਲਾਘਾ ਕਰਦਿਆਂ ਜਵਾਬਦੇਹੀ ਦੀ ਵੀ ਮੰਗ ਕੀਤੀ ਹੈ। ਅਬਦੁੱਲਾ ਨੇ ਹਾਲ ਹੀ ’ਚ ਕਿਹਾ ਹੈ, ‘‘ਮੈਂ ਉਪ ਰਾਜਪਾਲ ਦੇ ਬਿਆਨ ਦੀ ਸ਼ਲਾਘਾ ਕਰਦਾ ਹਾਂ ਪਰ ਨਾਕਾਮੀ ਸਵੀਕਾਰ ਕਰਨ ਮਗਰੋਂ ਕਰਵਾਈ ਵੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਸੀ, ‘‘ਜਦੋਂ ਇੰਨੀ ਗੰਭੀਰ ਕੋਤਾਹੀ ਕਾਰਨ ਕੀਮਤੀ ਜਾਨਾਂ ਚਲੀਆਂ ਜਾਣ ਤਾਂ ਇਸ ਲਈ ਜ਼ਿੰਮੇਵਾਰ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਸ਼ਮੀਰ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਗਲਤ ਹੋਇਆ ਸੀ ਅਤੇ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।’’
ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ। ਅਧਿਕਾਰੀਆਂ ਮੁਤਾਬਕ ਖ਼ੁਫੀਆ ਏਜੰਸੀਆਂ ਨੂੰ ਦਹਿਸ਼ਤੀ ਹਮਲੇ ਦੀ ਸੰਭਾਵਨਾ ਬਾਰੇ ਚੌਕਸ ਕੀਤਾ ਗਿਆ ਸੀ ਪਰ ਸੂਚਨਾ ਦੀ ਵਰਤੋਂ ਹਮਲੇ ਵਾਲੀ ਥਾਂ ਤੋਂ ਲਗਪਗ 90 ਕਿਲੋਮੀਟਰ ਦੂਰ ਕਿਸੇ ਹੋਰ ਥਾਂ ’ਤੇ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਸੁਰੱਖਿਆ ’ਚ ਵੱਡੀ ਕੋਤਾਹੀ ਹੋਈ ਹੈ।