ਜਲ ਸੈਨਾ ਨੂੰ ਪਣਡੁੱਬੀ ਵਿਰੋਧੀ ਦੂਜਾ ਜੰਗੀ ਬੇੜਾ ਸੌਂਪਿਆ
ਰੱਖਿਆ ਖੇਤਰ ਦੇ ਜਨਤਕ ਅਦਾਰੇ (ਪੀਐੱਸਯੂ) ‘ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜਨੀਅਰਜ਼’ (ਜੀ ਆਰ ਐੱਸ ਈ) ਲਿਮਿਟਡ ਨੇ ਅੱਜ ਭਾਰਤੀ ਜਲ ਸੈਨਾ ਨੂੰ ਇਕ ਪਣਡੁੱਬੀ ਵਿਰੋਧੀ ਘੱਟ ਡੂੰਘੇ ਪਾਣੀ ਵਾਲਾ ਜੰਗੀ ਬੇੜਾ ਸੌਂਪਿਆ। ਇਹ ਦੇਸ਼ ਦੀ ਜਲ ਸੈਨਾ ਲਈ ਸ਼ਿਪਯਾਰਡ ਵੱਲੋਂ ਬਣਾਏ ਜਾ ਰਹੇ ਅੱਠ ਅਜਿਹੇ ਬੇੜਿਆਂ ਦੀ ਲੜੀ ਤਹਿਤ ਦੂਜਾ ਬੇੜਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਬੇੜੇ ਤੱਟੀ ਪਾਣੀਆਂ ਦੀ ਪੂਰਨ ਪੈਮਾਨੇ ’ਤੇ ਨਿਗਰਾਨੀ ਕਰਨ ਦੇ ਨਾਲ-ਨਾਲ ਖੋਜ ਅਤੇ ਹਮਲੇ ਵਿੱਚ ਵੀ ਸਮਰੱਥ ਹਨ।
ਜੀ ਆਰ ਐੱਸ ਈ ਦੇ ਅਧਿਕਾਰੀ ਨੇ ਦੱਸਿਆ ਕਿ ‘ਐਂਡਰੋਥ’ ਨਾਮ ਦੇ ਇਸ ਬੇੜੇ ਦੀ ਸਪਲਾਈ ਇਸ ਲੜੀ ਦੇ ਪਹਿਲੇ ਜੰਗੀ ਬੇੜੇ ਅਰਨਾਲਾ ਨੂੰ 18 ਜੂਨ ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤੇ ਜਾਣ ਤੋਂ ਠੀਕ ਚਾਰ ਮਹੀਨੇ ਬਾਅਦ ਹੋਈ ਹੈ, ਜਿਸ ਨਾਲ ਭਾਰਤ ਦੀ ਸਮੁੰਦਰੀ ਸੁਰੱਖਿਆ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲਕਸ਼ਦੀਪ ਦੀਪ ਸਮੂਹ ਦੇ ਐਂਡਰੋਥ ਦੀਪ ਦੇ ਨਾਮ ’ਤੇ ਬਣਿਆ ਇਹ ਬੇੜਾ ਇਸ ਸ਼੍ਰੇਣੀ ਦਾ ਦੂਜਾ ਜੰਗੀ ਬੇੜਾ ਹੈ ਜਿਸ ’ਤੇ ਜੀ ਆਰ ਐੱਸ ਈ ਵੱਲੋਂ ਬਣਾਈ ਗਈ ਦੇਸ਼ੀ 30 ਮਿਲੀਮੀਟਰ ਨੇਵਲ ਸਤਹਿ ਤੋਪ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਨੇ 16 ਐਡਵਾਂਸ ਪਣਡੁੱਬੀ ਵਿਰੋਧੀ ਘੱਟ ਡੂੰਘੇ ਪਾਣੀ ਦੇ ਜੰਗੀ ਬੇੜਿਆਂ (ਏ ਐੱਸ ਡਬਲਿਊ ਐੱਸ ਡਬਲਿਊ ਸੀ) ਦਾ ਆਰਡਰ ਦਿੱਤਾ ਸੀ, ਜਿਨ੍ਹਾਂ ’ਚੋਂ ਅੱਠ-ਅੱਠ ਜੀ ਆਰ ਐੱਸ ਈ ਅਤੇ ਇਕ ਹੋਰ ਭਾਰਤੀ ਸ਼ਿਪਯਾਰਡ ਵੱਲੋਂ ਬਣਾਏ ਜਾਣ ਵਾਲੇ ਹਨ। ਹਾਲਾਂਕਿ, ਸਾਰੇ ਅੱਠ ਏ ਐੱਸ ਡਬਲਿਊ ਐੱਸ ਡਬਲਿਊ ਸੀ ਜੀ ਆਰ ਐੱਸ ਈ ਵੱਲੋਂ ਲਾਂਚ ਕੀਤੇ ਗਏ ਹਨ, ਪਰ ਇਹ ਜਲ ਸੈਨਾ ਨੂੰ ਦਿੱਤਾ ਜਾਣ ਵਾਲਾ ਦੂਜਾ ਜੰਗੀ ਬੇੜਾ ਹੈ। ਅਧਿਕਾਰੀ ਨੇ ਕਿਹਾ ਕਿ ਜਹਾਜ਼ਾਂ ਦੇ ਨਾਲ ਤਾਲਮੇਲ ਵਾਲੀਆਂ ਪਣਡੁੱਬੀ ਵਿਰੋਧੀ ਮੁਹਿੰਮਾਂ ਚਲਾਉਣ ਵਿੱਚ ਸਮਰੱਥ ਇਨ੍ਹਾਂ ਬੇੜਿਆਂ ਵਿੱਚ ਜੰਗ ਪ੍ਰਬੰਧਨ ਪ੍ਰਣਾਲੀਆਂ ਲੱਗੀਆਂ ਹੋਈਆਂ ਹਨ ਅਤੇ ਇਹ ਹਲਕੇ ਤਾਰਪੀਡੋ ਦੇ ਨਾਲ-ਨਾਲ ਪਣਡੁੱਬੀ ਵਿਰੋਧੀ ਜੰਗੀ ਰਾਕੇਟਾਂ ਨਾਲ ਵੀ ਲੈਸ ਹੋਣਗੇ।