ਹਿੰਡਨਬਰਗ ਮਾਮਲੇ ’ਚ ਸੇਬੀ ਵੱਲੋਂ ਅਡਾਨੀ ਨੂੰ ਕਲੀਨ ਚਿੱਟ
ਮਾਰਕੀਟ ਰੈਗੂਲੇਟਰ ਨੇ ਦੋਸ਼ਾਂ ਦੇ ਸਬੂਤ ਨਾ ਮਿਲਣ ਦਾ ਦਾਅਵਾ ਕੀਤਾ
ਮਾਰਕੀਟ ਰੈਗੂਲੇਟਰ ਸੇਬੀ ਨੇ ਹਿੰਡਨਬਰਗ ਰਿਸਰਚ ਵੱਲੋਂ ਲਾਏ ਦੋੋਸ਼ਾਂ ਤੋਂ ਕਾਰੋਬਾਰੀ ਗੌਤਮ ਅਡਾਨੀ ਤੇ ਉਨ੍ਹਾਂ ਦੀ ਅਗਵਾਈ ਵਾਲੇ ਗਰੁੱਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੇਬੀ ਨੇ ਕਿਹਾ ਕਿ ਉਸ ਨੂੰ ਹਿੰਡਨਬਰਗ ਵੱਲੋਂ ਲਾਏ ਦੋਸ਼ਾਂ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਕਿ ਗਰੁੱਪ ਨੇ ਆਪਣੀਆਂ ਸੂਚੀਬੱਧ ਕੰਪਨੀਆ ਵਿੱਚ ਪੈਸਾ ਭੇਜਣ ਲਈ ਸਬੰਧਤ ਧਿਰਾਂ ਦੀ ਵਰਤੋਂ ਕੀਤੀ ਹੋਵੇ।
ਸੇਬੀ ਨੇ ਦੋ ਵੱਖ-ਵੱਖ ਹੁਕਮਾਂ ’ਚ ਕਿਹਾ ਕਿ ਤਫ਼ਸੀਲ ’ਚ ਕੀਤੀ ਜਾਂਚ ਮਗਰੋਂ ਅੰਦਰੂਨੀ ਕਾਰੋਬਾਰ, ਬਾਜ਼ਾਰ ’ਚ ਗੜਬੜੀ ਅਤੇ ਜਨਤਕ ਸ਼ੇਅਰਹੋਲਡਿੰਗ ਮਾਨਕਾਂ ਦੀ ਉਲੰਘਣਾ ਦੇ ਦੋਸ਼ ਬੇਬੁਨਿਆਦ ਪਾਏ ਗਏ ਹਨ। ਹਿੰਡਨਬਰਗ ਨੇ ਜਨਵਰੀ 2023 ’ਚ ਅਡਾਨੀ ਗਰੁੱਪ ਖ਼ਿਲਾਫ਼ ਜਾਰੀ ਇੱਕ ਰਿਪੋਰਟ ’ਚ ਦੋਸ਼ ਲਾਇਆ ਸੀ ਕਿ ਆਡੀਕੌਰਪ ਐਂਟਰਪ੍ਰਾਈਜ਼ਿਜ ਪ੍ਰਾਈਵੇਟ ਲਿਮਟਿਡ, ਮਾਈਲਸਟੋਨ ਟਰੇਡਲਿੰਕਸ ਪ੍ਰਾਈਵੇਟ ਲਿਮਟਿਡ ਅਤੇ ਰੈਹਵਰ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੀ ਵਰਤੋਂ ਅਡਾਨੀ ਗੁਰੱਪ ਦੀਆਂ ਵੱਖ-ਵੱਖ ਕੰਪਨੀਆਂ ਦੀ ਜਨਤਕ ਤੌਰ ’ਤੇ ਸੂਚੀਬੱਧ ਅਡਾਨੀ ਪਾਵਰ ਲਿਮਟਿਡ ਅਤੇ ਅਡਾਨੀ ਐਂਟਰਪ੍ਰਾਈਜ਼ਿਜ ਲਿਮਟਿਡ ਨੂੰ ਪੈਸੇ ਭੇਜਣ ਲਈ ਇੱਕ ਸਰੋਤ ਵਜੋਂ ਕੀਤੀ ਗਈ। ਸੇਬੀ ਬੋਰਡ ਦੇ ਮੈਂਬਰ ਕਮਲੇਸ਼ ਸੀ ਵਰਸ਼ਾਨੇ ਨੇ ਦੋਵਾਂ ਹੁਕਮਾਂ ’ਚ ਕਿਹਾ ਕਿ ਰੈਗੂਲੇਟਰ ਦੇ ਖੁਲਾਸਾ ਮਾਨਕਾਂ ਦਾ ਕੋਈ ਉਲੰਘਣਾ ਨਹੀਂ ਹੋਈ ਕਿਉਂਕਿ ਆਡੀਕੌਰਪ, ਮਾਈਲਸਟੋਨ ਟਰੇਡਲਿੰਕਸ ਤੇ ਰੈਹਵਰ ਇਨਫਰਾਸਟਰੱਕਚਰ ਵਿਚਾਲੇ ਗਰੁੱਪ ਦੀਆਂ ਕੰਪਨੀਆਂ ਨਾਲ ਕੋਈ ਲੈਣ-ਦੇਣ ਸਬੰਧਤ ਧਿਰ ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦਾ। ਇਸ ਵਿੱਚ ਸਕਿਉਰਿਟੀਜ਼ ਦੀ ਪ੍ਰਾਪਤੀ ਜਾਂ ਕੰਟਰੋਲ ਨਾਲ ਸਬੰਧਤ ਕੋਈ ਉਲੰਘਣਾ ਨਹੀਂ ਮਿਲ ਜੋ ਨਿਵੇਸ਼ਕਾਂ ਨੂੰ ਗੁੰਮਰਾਹ ਕਰ ਸਕਦੀ ਹੋਵੇ। ਸੇਬੀ ਜਾਂਚ ਮਗਰੋਂ ਇਸ ਸਿੱਟੇ ’ਤੇ ਪਹੁੰਚੀ ਕਿ ਅਡਾਨੀ ਦੀਆਂ ਕੰਪਨੀਆਂ ਜਾਂ ਅਧਿਕਾਰੀਆਂ ’ਤੇ ਜ਼ਿੰਮੇਵਾਰੀ ਥੋਪਣ ਜਾਂ ਜੁਰਮਾਨਾ ਲਾਉਣ ਦਾ ਕੋਈ ਆਧਾਰ ਨਹੀਂ ਸੀ। -ਪੀਟੀਆਈ
ਅਫਵਾਹਾਂ ਫੈਲਾਉਣ ਵਾਲੇ ਮੁਆਫ਼ੀ ਮੰਗਣ: ਗੌਤਮ ਅਡਾਨੀ
ਨਵੀਂ ਦਿੱਲੀ: ਸੇਬੀ ਦੀ ਕਲੀਨ ਚਿੱਟ ਤੋਂ ਉਤਸ਼ਾਹਿਤ ਕਾਰੋਬਾਰੀ ਗੌਤਮ ਅਡਾਨੀ ਨੇ ਅੱਜ ਕਿਹਾ ਕਿ ਹਿੰਡਨਬਰਗ ਰਿਸਰਚ ਦੀ ‘ਧੋਖਾਧੜੀ ਵਾਲੀ ਤੇ ਗਲਤ ਇਰਾਦੇ’ ਨਾਲ ਲਿਆਂਦੀ ਗਈ ਰਿਪੋਰਟ ਦੀ ਵਰਤੋਂ ਕਰਕੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਡਾਨੀ ਨੇ ‘ਐਕਸ’ ਤੇ ਪੋਸਟ ’ਚ ਕਿਹਾ, ‘‘ਗਰੁੱਪ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਹਿੰਡਨਬਰਗ ਦੇ ਦਾਅਵੇ ਬੇਬੁਨਿਆਦ ਸਨ। ਸੇਬੀ ਦੀ ਕਲੀਨ ਚਿੱਟ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ।’’ -ਪੀਟੀਆਈ
ਅਨਿਲ ਅੰਬਾਨੀ ਤੇ ਰਾਣਾ ਖ਼ਿਲਾਫ਼ ਦੋਸ਼ ਪੱਤਰ ਦਾਖਲ
ਨਵੀਂ ਦਿੱਲੀ: ਸੀ ਬੀ ਆਈ ਨੇ ਅੱਜ ਕਾਰੋਬਾਰੀ ਅਨਿਲ ਅੰਬਾਨੀ ਦੇ ਗਰੁੱਪ ਦੀਆਂ ਕੰਪਨੀਆਂ ਐੱਫ ਐੱਲ ਤੇ ਆਰ ਐੱਚ ਐੱਫ ਐੱਲ ਅਤੇ ਯੈੱਸ ਬੈਂਕ ਤੇ ਇਸ ਦੇ ਸਾਬਕਾ ਸੀ ਈ ਓ ਰਾਣਾ ਕਪੂਰ ਦੇ ਪਰਿਵਾਰਕ ਮੈਂਬਰਾਂ ਦੀਆਂ ਫਰਮਾਂ ਵਿਚਾਲੇ ਕਥਿਤ ਧੋਖਾਧੜੀ ਵਾਲੇ ਲੈਣ-ਦੇਣ ਸਬੰਧੀ ਅਨਿਲ ਅੰਬਾਨੀ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਹੈ। ਸੀ ਬੀ ਆਈ ਨੇ ਦੋਸ਼ ਲਾਇਆ ਹੈ ਕਿ ਇਸ ਲੈਣ ਦੇਣ ਕਾਰਨ ਬੈਂਕ ਨੂੰ 2,796 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ’ਚ ਦਾਖਲ ਦੋਸ਼ ਪੱਤਰ ’ਚ ਸੀ ਬੀ ਆਈ ਨੇ ਕਿਹਾ ਕਿ ਅੰਬਾਨੀ ਅਨਿਲ ਧੀਰੂਭਾਈ ਅੰਬਾਨੀ (ਏ ਡੀ ਏ) ਗਰੁੱਪ ਦਾ ਚੇਅਰਮੈਨ ਅਤੇ ਰਿਲਾਇੰਸ ਕੈਪੀਟਲਜ਼ ਲਿਮਟਿਡ ਦਾ ਡਾਇਰੈਕਟਰ ਹੈ, ਜੋ ਐੱਫ ਐੱਲ ਅਤੇ ਆਰ ਐੱਚ ਐੱਫ ਐੱਲ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਹੈ। ਇਸ ਘਟਨਾਕ੍ਰਮ ’ਤੇ ਫਿਲਹਾਲ ਏ ਡੀ ਏ ਗਰੁੱਪ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। -ਪੀਟੀਆਈ

