SC grants interim bail to UP MLA Abbas Ansari in gangster Act case: ਸੁਪਰੀਮ ਕੋਰਟ ਵੱਲੋਂ ਅੱਬਾਸ ਅੰਸਾਰੀ ਨੂੰ ਅੰਤਰਿਮ ਜ਼ਮਾਨਤ
ਨਵੀਂ ਦਿੱਲੀ, 7 ਮਾਰਚ
ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਉੱਤਰ ਪ੍ਰਦੇਸ਼ ਦੇ ਵਿਧਾਇਕ ਅੱਬਾਸ ਅੰਸਾਰੀ ਨੂੰ ਸੂਬੇ ਦੇ ਗੈਂਗਸਟਰ ਐਕਟ ਤਹਿਤ ਦਰਜ ਇੱਕ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਨੂੰ ਲਖਨਊ ਵਿੱਚ ਆਪਣੀ ਸਰਕਾਰੀ ਰਿਹਾਇਸ਼ ਵਿੱਚ ਰਹਿਣ ਅਤੇ ਮਾਊ ਵਿੱਚ ਆਪਣੇ ਹਲਕੇ ਦਾ ਦੌਰਾ ਕਰਨ ਤੋਂ ਪਹਿਲਾਂ ਅਧਿਕਾਰੀਆਂ ਤੋਂ ਅਗਾਊਂ ਇਜਾਜ਼ਤ ਲੈਣ ਦਾ ਨਿਰਦੇਸ਼ ਦਿੱਤਾ।
ਬੈਂਚ ਨੇ ਅੰਸਾਰੀ ਨੂੰ ਅਦਾਲਤ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਉੱਤਰ ਪ੍ਰਦੇਸ਼ ਨਾ ਛੱਡਣ ਅਤੇ ਅਦਾਲਤਾਂ ਵਿੱਚ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਕਿਹਾ। ਅਦਾਲਤ ਨੇ ਅੰਸਾਰੀ ਵਲੋਂ ਜ਼ਮਾਨਤ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਪੁਲੀਸ ਤੋਂ ਛੇ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਅੰਸਾਰੀ ਨੂੰ 4 ਨਵੰਬਰ, 2022 ਨੂੰ ਹੋਰ ਅਪਰਾਧਿਕ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਨੂੰ 6 ਸਤੰਬਰ, 2024 ਨੂੰ ਗੈਂਗਸਟਰ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਬੈਂਚ ਨੇ ਕਿਹਾ ਕਿ ਉਸ ਨੂੰ ਤੁਰੰਤ ਗੈਂਗਸਟਰ ਐਕਟ ਕੇਸ ਨੂੰ ਛੱਡ ਕੇ ਸਾਰੇ ਅਪਰਾਧਿਕ ਮਾਮਲਿਆਂ ਵਿੱਚ ਜ਼ਮਾਨਤ ਦਿੱਤੀ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਅਲਾਹਾਬਾਦ ਹਾਈ ਕੋਰਟ ਨੇ ਪਿਛਲੇ ਸਾਲ 18 ਦਸੰਬਰ ਨੂੰ ਇਸ ਮਾਮਲੇ ਵਿੱਚ ਅੰਸਾਰੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਚਿੱਤਰਕੂਟ ਜ਼ਿਲ੍ਹੇ ਦੇ ਕੋਤਵਾਲੀ ਕਰਵੀ ਪੁਲੀਸ ਸਟੇਸ਼ਨ ਵਿੱਚ 31 ਅਗਸਤ, 2024 ਨੂੰ ਅੰਸਾਰੀ, ਨਵਨੀਤ ਸਚਾਨ, ਨਿਆਜ਼ ਅੰਸਾਰੀ, ਫਰਾਜ਼ ਖਾਨ ਅਤੇ ਸ਼ਾਹਬਾਜ਼ ਆਲਮ ਖਾਨ ਵਿਰੁੱਧ ਯੂਪੀ ਗੈਂਗਸਟਰ ਅਤੇ ਸਮਾਜ ਵਿਰੋਧੀ ਗਤੀਵਿਧੀਆਂ (ਰੋਕਥਾਮ) ਐਕਟ, 1986 ਦੀ ਧਾਰਾ 2, 3 ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ’ਤੇ ਜਬਰੀ ਵਸੂਲੀ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਅੰਸਾਰੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਮਾਊ ਹਲਕੇ ਤੋਂ ਵਿਧਾਇਕ ਹਨ।
ਇਹ ਵੀ ਦੱਸਣਾ ਬਣਦਾ ਹੈ ਕਿ ਅੱਬਾਸ ਨੇ ਮੁਕਾਬਲੇ ਦੇ ਡਰ ਤੋਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਗੈਂਗਸਟਰ ਐਕਟ ਤਹਿਤ ਦਰਜ ਇਕ ਕੇਸ ਦੀ ਹੇਠਲੀ ਅਦਾਲਤ ’ਚ ਚੱਲ ਰਹੀ ਸੁਣਵਾਈ ਦੌਰਾਨ ਉਸ ਨੂੰ ਵਰਚੁਅਲੀ ਪੇਸ਼ੀ ਭੁਗਤਣ ਦੀ ਇਜਾਜ਼ਤ ਦਿੱਤੀ ਜਾਵੇ। ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਅੰਸਾਰੀ ਪਹਿਲਾਂ ਕਾਸਗੰਜ ਜੇਲ੍ਹ ਤੋਂ ਵਰਚੁਅਲੀ ਪੇਸ਼ੀ ਭੁਗਤਦਾ ਸੀ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਪੀਟੀਆਈ