ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਬੇਓਦਨਾਬਾਦ ’ਚ ਵਿਨਾਇਕ ਦਾਮੋਦਰ ਸਾਵਰਕਰ ਦੇ ਬੁੱਤ ਤੋਂ ਪਰਦਾ ਹਟਾਇਆ। ਇਹ ਬੁੱਤ ਦੱਖਣੀ ਅੰਡੇਮਾਨ ਜ਼ਿਲ੍ਹੇ ਦੇ ਪਾਰਕ ’ਚ ਸਥਾਪਤ ਕੀਤਾ ਗਿਆ ਹੈ। ਬੁੱਤ ਦੇ ਉਦਘਾਟਨ ਤੋਂ ਬਾਅਦ ਸ੍ਰੀ ਸ਼ਾਹ ਤੇ ਸ੍ਰੀ ਭਾਗਵਤ ਨੇ ਪਾਰਕ ਵਿੱਚ ‘ਰੁਦਰਾਕਸ਼’ ਦਾ ਬੂਟਾ ਵੀ ਲਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਵੀ ਡੀ ਸਾਵਰਕਰ ਨੂੰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਉਹ ਮਾਨਤਾ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਆਜ਼ਾਦੀ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਉਨ੍ਹਾਂ ਦੀ ਆਜ਼ਾਦ ਇੰਦ ਫੌਜ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਸਮਾਗਮ ਵਾਲੀ ਥਾਂ ’ਤੇ ਉਪ ਰਾਜਪਾਲ ਤੇ ਟਾਪੂ ਵਿਕਾਸ ਏਜੰਸੀ ਦੇ ਉਪ ਚੇਅਰਮੈਨ ਡੀ ਕੇ ਜੋਸ਼ੀ ਨੇ ਗ੍ਰਹਿ ਮੰਤਰੀ ਤੇ ਸੰਘ ਮੁਖੀ ਦਾ ਸਵਾਗਤ ਕੀਤਾ। ਇਸ ਮਗਰੋਂ ਦੋਵੇਂ ਸ੍ਰੀ ਵਿਜੈਪੁਰਮ ਸਥਿਤ ਬੀ ਆਰ ਅੰਬਡੇਕਰ ਤਕਨੀਕੀ ਸੰਸਥਾ (ਡੀ ਬੀ ਆਰ ਏ ਟੀ) ਲਈ ਰਵਾਨਾ ਹੋਏ ਜਿੱਥੇ ਉਨ੍ਹਾਂ ਸਾਵਰਕਰ ’ਤੇ ਆਧਾਰਿਤ ਗੀਤ ਜਾਰੀ ਕੀਤਾ।

