DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਊਦੀ ਅਰਬ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਟੈਂਕਰ ਨਾਲ ਟੱਕਰ, 42 ਭਾਰਤੀ ਸ਼ਰਧਾਲੂਆਂ ਦੀ ਮੌਤ

ਮ੍ਰਿਤਕਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ; ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ ਹਾਦਸਾ, ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਵੱਲੋਂ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ: istock
Advertisement

ਸਾਊਦੀ ਅਰਬ ਵਿਚ ਅੱਜ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਤੇ ਡੀਜ਼ਲ ਵਾਲੇ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਹੈਦਰਾਬਾਦ ਨਾਲ ਸਬੰਧਤ ਘੱਟੋ ਘੱਟ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ। ਬੱਸ ’ਤੇ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਹੀ ਬਚਿਆ ਹੈ ਤੇ ਉਹ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Advertisement

Advertisement

ਸੂਤਰਾਂ ਨੇ ਕਿਹਾ ਕਿ ਇਹ ਸ਼ਰਧਾਲੂ ਹੈਦਰਾਬਾਦ ਅਧਾਰਿਤ ਸਮੂਹ ਦਾ ਹਿੱਸਾ ਸਨ, ਜਿਸ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ। ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਹਾਦਸੇ ਵਿਚ ਗਈਆਂ ਜਾਨਾਂ ਲਈ ਸੰਵੇਦਨਾ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਕੇ.ਰਾਮਾਕ੍ਰਿਸ਼ਨਾ ਰਾਓ ਤੇ ਡੀਜੀਪੀ ਸ਼ਿਵਧਰ ਰੈੱਡ ਨੂੰ ਪੀੜਤਾਂ ਬਾਰੇ ਫੌਰੀ ਵੇਰਵੇ ਇਕੱਤਰ ਕਰਨ ਤੇ ਇਹ ਤਸਦੀਕ ਕਰਨ ਲਈ ਕਿਹਾ ਕਿ ਪੀੜਤਾਂ ਵਿਚੋਂ ਕਿੰਨੇ ਵਿਅਕਤੀ ਸੂਬੇ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਹਾਦਸੇ ਤੋਂ ਬਹੁਤ ਦੁੱਖ ਹੋਇਆ। ਮੇਰੀਆਂ ਭਾਵਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰਦਾ ਹਾਂ।’’
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਊਦੀ ਅਰਬ ਦੇ ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਹਾਦਸੇ 'ਤੇ ਡੂੰਘਾ ਦੁੱਖ ਹੈ। ਰਿਆਧ ਵਿੱਚ ਸਾਡਾ ਦੂਤਾਵਾਸ ਅਤੇ ਜੇਦਾਹ ਵਿੱਚ ਕੌਂਸੁਲੇਟ ਇਸ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰਾ ਸਮਰਥਨ ਦੇ ਰਹੇ ਹਨ। ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ... ਪ੍ਰਾਰਥਨਾ ਕਰੋ।’’

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਸਾਊਦੀ ਦੂਤਾਵਾਸ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਰਾਜ ਸਕੱਤਰੇਤ ਵਿਚ ਇੱਕ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਰੈਜ਼ੀਡੈਂਟ ਕਮਿਸ਼ਨਰ ਗੌਰਵ ਉੱਪਲ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਉਧਰ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਅਬੂ ਮਾਥੇਨ ਜੌਰਜ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਜਾਣਕਾਰੀ ਇਕੱਠੀ ਕਰਨ ਦਾ ਭਰੋਸਾ ਦਿੱਤਾ ਹੈ। ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ ਦੀਆਂ ਦੋ ਟਰੈਵਲ ਏਜੰਸੀਆਂ ਤੋਂ ਪ੍ਰਾਪਤ ਯਾਤਰੀਆਂ ਦੇ ਵੇਰਵੇ ਦੂਤਾਵਾਸ ਅਤੇ ਵਿਦੇਸ਼ ਸਕੱਤਰ ਨਾਲ ਸਾਂਝੇ ਕੀਤੇ ਹਨ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਉਣ ਅਤੇ ਜ਼ਖਮੀਆਂ ਨੂੰ ਸਹੀ ਡਾਕਟਰੀ ਇਲਾਜ ਯਕੀਨੀ ਬਣਾਉਣ।

Advertisement
×