ਪੱਤਰਕਾਰਾਂ ਖ਼ਿਲਾਫ਼ ਦਰਜ ਐੱਫਆਈਆਰ ’ਚ ਸਤਿਆਪਾਲ ਮਲਿਕ ਦਾ ਨਾਮ ਵੀ ਸ਼ਾਮਲ
ਗੁਹਾਟੀ ਪੁਲੀਸ ਨੇ ਅੱਜ ਪੱਤਰਕਾਰ ਸਿਧਾਰਥ ਵਰਦਰਾਜਨ ਅਤੇ ਕਰਨ ਥਾਪਰ ਖ਼ਿਲਾਫ਼ ਦਰਜ ਐੱਫਆਈਆਰ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸਤਿਆਪਾਲ ਮਲਿਕ, ਪਾਕਿਸਤਾਨੀ ਮੀਡੀਆ ਕਰਮੀ ਨਜਮ ਸੇਠੀ ਅਤੇ ਭਾਰਤੀ ਮੀਡੀਆ ਕਰਮੀ ਆਸ਼ੂਤੋਸ਼ ਭਾਰਦਵਾਜ ਦੇ ਨਾਲ-ਨਾਲ ਕਈ ‘ਅਣਪਛਾਤਿਆਂ’ ਦਾ ਵੀ ਨਾਮ ਸ਼ਾਮਲ ਕੀਤਾ ਹੈ। ਇਹ ਐੱਫਆਈਆਰ ਗੁਹਾਟੀ ਵਾਸੀ ਬੀਜੂ ਵਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ 9 ਮਈ ਨੂੰ ਦਰਜ ਕੀਤੀ ਗਈ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਆਨਲਾਈਨ ਨਿਊਜ਼ ਵੈਬਸਾਈਟ ‘ਦਿ ਵਾਇਰ’ ਅਤੇ ਇਸ ਦੇ ਕੁਝ ਲੇਖਕਾਂ ਅਤੇ ਸੰਪਾਦਕਾਂ ਨੇ ਲੇਖਾਂ ਅਤੇ ਟਿੱਪਣੀਆਂ ਦੀ ਇੱਕ ਲੜੀ ਪ੍ਰਕਾਸ਼ਿਤ ਕੀਤੀ, ਜੋ ‘ਪਹਿਲੀ ਨਜ਼ਰੇ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਦੀਆਂ, ਅਸ਼ਾਂਤੀ ਅਤੇ ਜਨਤਕ ਗੜਬੜੀ ਨੂੰ ਉਤਸ਼ਾਹਿਤ ਕਰਦੀਆਂ ਅਤੇ ਗਲਤ ਜਾਣਕਾਰੀ ਫੈਲਾਉਂਦੀਆਂ ਹਨ।’ਪੁਲੀਸ ਨੇ ਪਿਛਲੇ ਹਫ਼ਤੇ ਇਸ ਮਾਮਲੇ ਵਿੱਚ ਵਰਦਰਾਜਨ ਅਤੇ ਥਾਪਰ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ 22 ਅਗਸਤ ਨੂੰ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪੁਲੀਸ ਕਾਰਵਾਈ ਤੋਂ ਸੁਰੱਖਿਆ ਦਿੱਤੀ ਸੀ। ਸੁਪਰੀਮ ਕੋਰਟ ਨੇ ਪਹਿਲਾਂ ਮੋਰੀਗਾਓਂ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ’ਚ ਵੀ ਦੋਵਾਂ ਪੱਤਰਕਾਰਾਂ ਨੂੰ ਸੁਰੱਖਿਆ ਦਿੱਤੀ ਸੀ। ਗੁਹਾਟੀ ਪੁਲੀਸ ਨੇ ਵੀਰਵਾਰ ਨੂੰ ਇੱਕ ਹੋਰ ਪੱਤਰਕਾਰ ਅਭਿਸਾਰ ਸ਼ਰਮਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ। ਸ਼ਰਮਾ ਨੇ ਕਿਹਾ ਕਿ ਉਹ ਕਾਨੂੰਨੀ ਤੌਰ ’ਤੇ ਜਵਾਬ ਦੇਣਗੇ।