DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਟਲਾਈਟ ਤਸਵੀਰਾਂ: ਸਿੰਧੂ ਜਲ ਸੰਧੀ ਮੁਅੱਤਲ ਹੋਣ ਤੋਂ ਬਾਅਦ ਚਨਾਬ ਦੇ ਪਾਣੀ ਦਾ ਪੱਧਰ ਘਟਿਆ ਨਜ਼ਰ ਆਇਆ

ਵਿਜੇ ਮੋਹਨ ਚੰਡੀਗੜ੍ਹ, 29 ਅਪਰੈਲ 22 ਅਪਰੈਲ ਨੂੰ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ (IWT) ਨੂੰ ਮੁਅੱਤਲ ਕਰਨ ਤੋਂ ਬਾਅਦ ਸੈਟੇਲਾਈਟ ਤਸਵੀਰਾਂ ਵਿਚ ਭਾਰਤ ਤੋਂ ਪਾਕਿਸਤਾਨ ਵਿਚ ਵਹਿ ਰਹੇ ਚਨਾਬ ਦਰਿਆ ਵਿਚ ਪਾਣੀ ਦੇ...
  • fb
  • twitter
  • whatsapp
  • whatsapp
featured-img featured-img
Pics: Col Vinayak Bhat (retd)
Advertisement

ਵਿਜੇ ਮੋਹਨ

ਚੰਡੀਗੜ੍ਹ, 29 ਅਪਰੈਲ

Advertisement

22 ਅਪਰੈਲ ਨੂੰ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ (IWT) ਨੂੰ ਮੁਅੱਤਲ ਕਰਨ ਤੋਂ ਬਾਅਦ ਸੈਟੇਲਾਈਟ ਤਸਵੀਰਾਂ ਵਿਚ ਭਾਰਤ ਤੋਂ ਪਾਕਿਸਤਾਨ ਵਿਚ ਵਹਿ ਰਹੇ ਚਨਾਬ ਦਰਿਆ ਵਿਚ ਪਾਣੀ ਦੇ ਵਹਾਅ ’ਚ ਕਮੀ ਦਾ ਸੰਕੇਤ ਮਿਲਿਆ ਹੈ। ਹਮਲੇ ਤੋਂ ਇਕ ਦਿਨ ਪਹਿਲਾਂ 21 ਅਪਰੈਲ ਨੂੰ ਅਤੇ ਫਿਰ 26 ਅਪਰੈਲ ਨੂੰ ਲਈਆਂ ਗਈਆਂ ਸਰਹੱਦ ਪਾਰ ਸਿਆਲਕੋਟ ਖੇਤਰ ਵਿਚ ਮਰਾਲਾ ਹੈੱਡਵਰਕਸ ਦੀਆਂ ਸੈਟੇਲਾਈਟ ਤਸਵੀਰਾਂ ਬੈਰਾਜ ਦੇ ਅੱਗੇ ਗਾਰ ਅਤੇ ਤਲਛਟ ਦੇ ਉੱਚ ਪੱਧਰ ਨੂੰ ਦਰਸਾਉਂਦੀਆਂ ਹਨ।

ਇਕ ਤਸਵੀਰ ਵਿਆਖਿਆ ਮਾਹਿਰ ਕਰਨਲ ਵਿਨਾਇਕ ਭੱਟ (ਸੇਵਾਮੁਕਤ), ਜਿਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ, "ਤੁਲਨਾਤਮਕ ਸੈਟੇਲਾਈਟ ਤਸਵੀਰਾਂ ’ਤੇ ਦੇਖੇ ਗਏ ਪਾਣੀ ਦੇ ਵਹਾਅ ਤੋਂ ਸਪੱਸ਼ਟ ਤੌਰ ’ਤੇ ਪਤਾ ਲੱਗਦਾ ਹੈ ਕਿ ਹੈੱਡਵਰਕਸ ਤੋਂ ਨਿਕਲਣ ਵਾਲੇ ਪਾਣੀ ਦੇ ਚੈਨਲਾਂ ਦੇ ਵਹਾਅ ਵਿਚ ਕਮੀ ਆਈ ਹੈ ਅਤੇ ਇਕ ਪੂਰੀ ਤਰ੍ਹਾਂ ਸੁੱਕ ਗਿਆ ਹੈ।’’ ਉਨ੍ਹਾਂ ਕਿਹਾ ਕਿ ਇਹ IWT ਨੂੰ ਮੁਅੱਤਲ ਕਰਨ ਤੋਂ ਬਾਅਦ ਭਾਰਤ ਵਿਚ ਪਾਣੀ ਦੇ ਭੰਡਾਰ ਨੂੰ ਦਰਸਾਉਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ IWT ਦੇ ਤਹਿਤ ਭਾਰਤ ਨੂੰ ਤਿੰਨ ਪੂਰਬੀ ਦਰਿਆਵਾਂ - ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਸੀ, ਜਦੋਂ ਕਿ ਤਿੰਨ ਪੱਛਮੀ ਦਰਿਆਵਾਂ ਸਿੰਧ, ਜੇਹਲਮ ਅਤੇ ਚਨਾਬ ਦੇ ਪਾਣੀ ਪਾਕਿਸਤਾਨ ਨੂੰ ਅਲਾਟ ਕੀਤੇ ਗਏ ਸਨ।

ਸੰਧੀ ਦੀਆਂ ਸ਼ਰਤਾਂ ਦੇ ਅਨੁਸਾਰ ਭਾਰਤ ਪੱਛਮੀ ਦਰਿਆਵਾਂ ਦੇ 20 ਪ੍ਰਤੀਸ਼ਤ ਤੱਕ ਪਾਣੀ ਨੂੰ ਸਿੰਜਾਈ ਅਤੇ ਬਿਜਲੀ ਉਤਪਾਦਨ ਲਈ ਰਨ-ਆਫ-ਦ-ਰਿਵਰ ਪ੍ਰੋਜੈਕਟਾਂ ਰਾਹੀਂ ਵਰਤ ਸਕਦਾ ਹੈ। ਪਰ ਉਸ ਨੂੰ ਅਜਿਹਾ ਬਿਨਾਂ ਵੱਡੀਆਂ ਸਟੋਰੇਜ ਸਹੂਲਤਾਂ ਬਣਾਏ ਜਾਂ ਪਾਕਿਸਤਾਨ ਨੂੰ ਪਾਣੀ ਦੇ ਵਹਾਅ ਵਿੱਚ ਵਿਘਨ ਪਾਏ ਕਰਨਾ ਹੋਵੇਗਾ, ਕਿਉਂਕਿ ਪਾਕਿਸਤਾਨ ਦੀ ਖੇਤੀ-ਆਰਥਿਕਤਾ ਸਿੰਧ ਬੇਸਿਨ ’ਤੇ ਨਿਰਭਰ ਕਰਦੀ ਹੈ। ਚਨਾਬ ਦਰਿਆ ਦੋ ਨਦੀਆਂ ਚੰਦਰ ਅਤੇ ਭਾਗਾ ਦੇ ਸੰਗਮ ਦੁਆਰਾ ਬਣਦਾ ਹੈ, ਜੋ ਕਿ ਮਨਾਲੀ ’ਤੇ ਸਥਿਤ ਬਾਰਾਲਾਚਾ ਲਾ-ਦੱਰੇ ਦੇ ਨੇੜੇ ਹੈ। ਇਹ ਜੰਮੂ ਅਤੇ ਕਸ਼ਮੀਰ ਵਿਚ ਦਾਖਲ ਹੋਣ ਤੋਂ ਪਹਿਲਾਂ ਚੰਬਾ ਰਾਹੀਂ ਉੱਤਰ-ਪੱਛਮੀ ਦਿਸ਼ਾ ਵਿੱਚ ਵਗਦਿਆਂ ਕਿਸ਼ਤਵਾੜ, ਡੋਡਾ, ਰਾਮਬਨ, ਰਿਆਸੀ ਅਤੇ ਜੰਮੂ ਜ਼ਿਲ੍ਹਿਆਂ ਨੂੰ ਪਾਰ ਕਰਦਾ ਹੈ ਅਤੇ ਅੰਤ ਵਿਚ ਪਾਕਿਸਤਾਨ ’ਚ ਲਹਿੰਦੇ ਪੰਜਾਬ ਵਿਚ ਬਹਾਵਲਪੁਰ ਦੇ ਨੇੜੇ ਸਤਲੁਜ ਵਿਚ ਮਿਲ ਜਾਂਦਾ ਹੈ।

ਇਸ ਦਰਿਆ ਵਿੱਚ ਹਾਈਡ੍ਰੋ-ਬਿਜਲੀ ਉਤਪਾਦਨ ਦੀ ਉੱਚ ਸੰਭਾਵਨਾ ਹੈ ਜਿਸ ਵਿਚ ਕਈ ਕਾਰਜਸ਼ੀਲ ਅਤੇ ਆਉਣ ਵਾਲੇ ਪ੍ਰੋਜੈਕਟ ਹਨ, ਜਿਨ੍ਹਾਂ ਦੀ ਸੰਯੁਕਤ ਸਮਰੱਥਾ ਭਾਰਤੀ ਪਾਸੇ 7,000 ਮੈਗਾਵਾਟ ਦੇ ਕਰੀਬ ਹੈ। ਪਾਕਿਸਤਾਨ ਵਿਚ ਦਰਿਆ ’ਤੇ ਬਣੇ ਚਾਰ ਬੈਰਾਜਾਂ ਵਿੱਚੋਂ ਪਹਿਲਾ, ਮਰਾਲਾ ਹੈੱਡਵਰਕਸ, ਅਖਨੂਰ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 8 ਕਿਲੋਮੀਟਰ ਦੂਰ ਹੈ ਅਤੇ ਚਿਕਨਜ਼ ਨੇਕ ਖੇਤਰ ਦੇ ਕਾਫ਼ੀ ਨੇੜੇ ਹੈ ਜੋ ਪਾਕਿਸਤਾਨ ਨਾਲ ਪਿਛਲੀਆਂ ਜੰਗਾਂ ਵਿੱਚ ਫੈਸਲਾਕੁੰਨ ਲੜਾਈਆਂ ਦਾ ਸਥਾਨ ਰਿਹਾ ਹੈ। ਇਹ ਇਸ ਦੇ ਖੱਬੇ ਕੰਢੇ ਤੋਂ ਦੋ ਸਿੰਜਾਈ ਲਿੰਕ ਨਹਿਰਾਂ ਨੂੰ ਛੱਡਦਾ ਹੈ।

100 ਕਿਲੋਮੀਟਰ ਲੰਬੀ ਮਰਾਲਾ-ਰਾਵੀ ਲਿੰਕ (MRL) ਜਿਸਦੀ ਸਮਰੱਥਾ 22,000 ਕਿਊਸਿਕ ਹੈ ਅਤੇ ਬੰਬਾਂਵਾਲਾ-ਰਾਵੀ-ਬੇਦੀਆਂ-ਦੇਪਾਲਪੁਰ ਨਹਿਰ, ਜਿਸਨੂੰ ਇਚੋਗਿਲ ਨਹਿਰ ਵੀ ਕਿਹਾ ਜਾਂਦਾ ਹੈ, ਇਹ 158 ਕਿਲੋਮੀਟਰ ਲੰਬੀ ਹੈ ਅਤੇ ਇਸਦੀ ਸਮਰੱਥਾ 4,200 ਕਿਊਸਿਕ ਹੈ। ਜਦੋਂ ਕਿ ਹੈੱਡਵਰਕਸ ਅਤੇ ਐੱਮਆਰਐਲ ਪਹਿਲੀ ਵਾਰ ਅੰਗਰੇਜ਼ਾਂ ਨੇ 1906-1912 ਦੌਰਾਨ ਗੁਜਰਾਂਵਾਲਾ ਜ਼ਿਲ੍ਹਾ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀ ਸਿੰਜਾਈ ਲਈ ਬਣਾਏ ਸਨ, ਪਰ ਆਜ਼ਾਦੀ ਤੋਂ ਬਾਅਦ ਇਹਨਾਂ ਜਲ ਮਾਰਗਾਂ ਨੇ ਫੌਜੀ ਮਹੱਤਵ ਵੀ ਗ੍ਰਹਿਣ ਕਰ ਲਿਆ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਦੀਆਂ ਬਹੁਤ ਸਾਰੀਆਂ ਇਕਾਈਆਂ ਦੇ ਆਪਣੇ ਬਚਾਅ ਢਾਂਚੇ ਇਨ੍ਹਾਂ ਨਹਿਰਾਂ ਦੇ ਨਾਲ-ਨਾਲ ਹਨ। ਇਹ ਵਿਸ਼ੇਸ਼ਤਾਵਾਂ ਦੋਵਾਂ ਪਾਸਿਆਂ 'ਤੇ ਸੰਚਾਲਨ ਯੋਜਨਾਬੰਦੀ ਦਾ ਹਿੱਸਾ ਬਣਦੀਆਂ ਹਨ ਕਿਉਂਕਿ ਪਾਣੀ ਦਾ ਪੱਧਰ ਹਮਲਾਵਰ ਅਤੇ ਰੱਖਿਆਤਮਕ ਚਾਲਾਂ ਦੇ ਸੰਚਾਲਨ 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ।

Advertisement
×