Satara doctor Death: 4 ਪੰਨਿਆਂ ਦੇ ਸੁਸਾਈਡ ਨੋਟ ’ਚ ਬਦਸਲੂਕੀ, ਜਬਰ ਜਨਾਹ ਦੇ ਰੂਹ ਕੰਬਾਊ ਵੇਰਵੇ; MP ਦਾ ਨਾਮ ਵੀ ਆਇਆ ਸਾਹਮਣੇ
ਆਗੂਆਂ ਵੱਲੋਂ SIT ਅਤੇ ਸੁਤੰਤਰ ਜਾਂਚ ਦੀ ਮੰਗ; ਪੁਲੀਸ ਅਫ਼ਸਰ ਮੁਅੱਤਲ, ਜਾਂਚ ਜਾਰੀ
Satara doctor death: ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਇੱਕ 26 ਸਾਲਾ ਮਹਿਲਾ ਡਾਕਟਰ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖ਼ੁਦਕੁਸ਼ੀ ਕਰ ਲਈ ਸੀ, ਨੇ ਚਾਰ ਪੰਨਿਆਂ ਦਾ ਇੱਕ ਪੱਤਰ ਛੱਡਿਆ ਹੈ। ਇਸ ਪੱਤਰ ਵਿੱਚ ਜਿਸ ਵਿੱਚ ਕਥਿਤ ਜਿਨਸੀ ਹਮਲੇ, ਪਰੇਸ਼ਾਨੀ ਅਤੇ ਭ੍ਰਿਸ਼ਟਾਚਾਰ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ।
ਫਲਟਨ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਇਸ ਡਾਕਟਰ ਨੇ ਸਬ-ਇੰਸਪੈਕਟਰ ਗੋਪਾਲ ਬਡਨੇ ’ਤੇ ਚਾਰ ਵਾਰ ਜਬਰ ਜਨਾਹ ਕਰਨ ਅਤੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਜਾਨ ਲੈਣ ਤੋਂ ਪਹਿਲਾਂ ਉਸ ਨੇ ਆਪਣੇ ਹੱਥ ’ਤੇ ਲਿਖਿਆ ਸੀ ਕਿ ਬਡਨੇ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ।
ਫਰਜ਼ੀ ਸਰਟੀਫਿਕੇਟਾਂ ਲਈ ਦਬਾਅ
ਆਪਣੇ ਸੁਸਾਈਡ ਨੋਟ ਵਿੱਚ ਡਾਕਟਰ ਨੇ ਇਹ ਵੀ ਦੋਸ਼ ਲਾਇਆ ਕਿ ਕਈ ਪੁਲੀਸ ਅਧਿਕਾਰੀਆਂ (ਇੱਥੋਂ ਤੱਕ ਕਿ ਇੱਕ ਸੰਸਦ ਮੈਂਬਰ (MP) ਨੇ ਆਪਣੇ ਨਿੱਜੀ ਸਹਾਇਕਾਂ ਸਮੇਤ) ਨੇ ਉਸ 'ਤੇ ਅਜਿਹੇ ਦੋਸ਼ੀਆਂ ਲਈ ਫਰਜ਼ੀ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਦਬਾਅ ਪਾਇਆ ਜਿਨ੍ਹਾਂ ਨੂੰ ਕਦੇ ਮੈਡੀਕਲ ਜਾਂਚ ਲਈ ਲਿਆਂਦਾ ਹੀ ਨਹੀਂ ਗਿਆ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਤੰਗ ਪਰੇਸ਼ਾਨ ਅਤੇ ਡਰਾਇਆ-ਧਮਕਾਇਆ ਗਿਆ।
💔 #UPDATE
Revealing The TRUTH
A Shocking Betrayal of a Young Doctor in #Maharashtra
A 26-year-old woman doctor from Phaltan Sub-District Hospital, Satara, who had dedicated her life to public service, died by suicide.
leaving behind a 4-page letter and a chilling message… pic.twitter.com/R6jFrxmaJg
— Indian Doctor🇮🇳 (@Indian__doctor) October 24, 2025
26 ਸਾਲਾ ਡਾਕਟਰ, ਜੋ ਲਗਪਗ ਦੋ ਸਾਲਾਂ ਤੋਂ ਪੇਂਡੂ ਹਸਪਤਾਲ ਵਿੱਚ ਸੇਵਾ ਨਿਭਾ ਰਹੀ ਸੀ, ਆਪਣੀ ਲਾਜ਼ਮੀ ਬਾਂਡ ਦੀ ਮਿਆਦ ਪੂਰੀ ਕਰਨ ਤੋਂ ਸਿਰਫ਼ ਇੱਕ ਮਹੀਨਾ ਦੂਰ ਸੀ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਡਿਗਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਸੀ।
ਉਸ ਦੇ ਚਚੇਰੇ ਭਰਾ ਨੇ ਐਨਡੀਟੀਵੀ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ, ਐਸਪੀ (SP) ਅਤੇ ਡੀਐਸਪੀ (DSP) ਨੂੰ ਲਿਖਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਕਿਹਾ, ‘‘ਉਸ ਨੇ ਸਾਫ਼ ਤੌਰ 'ਤੇ ਜ਼ਿਕਰ ਕੀਤਾ ਸੀ ਕਿ ਜੇ ਉਸ ਨਾਲ ਕੁਝ ਵੀ ਹੁੰਦਾ ਹੈ, ਤਾਂ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।’’
ਡਾਕਟਰ ਦੇ ਪੱਤਰ ਵਿੱਚ ਉਸ ਦੇ ਮਕਾਨ ਮਾਲਕ, ਪ੍ਰਸ਼ਾਂਤ ਬਾਂਕਰ ਵੱਲੋਂ ਪਰੇਸ਼ਾਨੀ ਦਾ ਵੀ ਜ਼ਿਕਰ ਹੈ।
Satara doctor Death: ਪੁਲੀਸ ਅਫ਼ਸਰ ਮੁਅੱਤਲ, ਜਾਂਚ ਜਾਰੀ
ਡਾਕਟਰ ਦੀ ਮੌਤ ਤੋਂ ਬਾਅਦ ਬਡਨੇ ਅਤੇ ਬਾਂਕਰ ਦੋਵਾਂ ਵਿਰੁੱਧ ਜਬਰ ਜਨਾਹ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇੰਸਪੈਕਟਰ ਜਨਰਲ ਆਫ਼ ਪੁਲੀਸ (ਕੋਲਹਾਪੁਰ ਡਿਵੀਜ਼ਨ) ਸੁਨੀਲ ਫੁਲਾਰੀ ਨੇ ਪੁਸ਼ਟੀ ਕੀਤੀ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਪਲਬਧ ਸਬੂਤਾਂ ਦੇ ਆਧਾਰ 'ਤੇ ਜਾਂਚ ਜਾਰੀ ਹੈ।
Satara doctor Death: ਰਾਜਨੀਤਿਕ ਗਲਿਆਰਿਆਂ ਵਿੱਚ ਤੂਫ਼ਾਨ
ਇਸ ਘਟਨਾ ਨੇ ਮਹਾਰਾਸ਼ਟਰ ਵਿੱਚ ਰਾਜਨੀਤਿਕ ਤੂਫ਼ਾਨ ਲਿਆ ਦਿੱਤਾ ਹੈ। ਕਾਂਗਰਸ ਦੇ ਨੇਤਾ ਵਿਜੇ ਵਡੇੱਟੀਵਾਰ ਨੇ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਪੁਲੀਸ ਨੂੰ ਬਚਾਉਣ ਅਤੇ ਡਾਕਟਰ ਦੀਆਂ ਪਹਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ, "ਜਦੋਂ ਰੱਖਿਅਕ ਹੀ ਸ਼ਿਕਾਰੀ ਬਣ ਜਾਵੇ, ਤਾਂ ਲੋਕ ਨਿਆਂ ਕਿੱਥੋਂ ਮੰਗਣਗੇ?"
ਆਲੋਚਨਾ ਦਾ ਜਵਾਬ ਦਿੰਦੇ ਹੋਏ ਭਾਜਪਾ ਨੇਤਾ ਚਿਤ੍ਰਾ ਵਾਘ ਨੇ ਇਸ ਘਟਨਾ ਨੂੰ "ਮੰਦਭਾਗਾ" ਦੱਸਿਆ ਅਤੇ ਭਰੋਸਾ ਦਿੱਤਾ ਕਿ ਪੂਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਔਰਤਾਂ ਨੂੰ 112 ਹੈਲਪਲਾਈਨ ਰਾਹੀਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਅਤੇ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ।
Satara doctor Death: ਖ਼ੁਦਕੁਸ਼ੀ ਤੋਂ ਪਹਿਲਾਂ ਡਾਕਟਰ ਨੇ ਦੋਸ਼ੀ ਨੂੰ ਫੋਨ ਕੀਤਾ ਸੀ: ਪੁਲੀਸ
ਪੀਟੀਆਈ ਦੀ ਰਿਪੋਰਟ ਅਨੁਸਾਰ ਪੁਲੀਸ ਨੇ ਦੱਸਿਆ ਕਿ ਮਰਨ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਦੋਸ਼ੀਆਂ ਵਿੱਚੋਂ ਇੱਕ ਨਾਲ ਗੱਲ ਕੀਤੀ ਸੀ।
ਉਸ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਪੁਣੇ ਵਿੱਚ ਕੰਮ ਕਰਨ ਵਾਲੇ ਪ੍ਰਸ਼ਾਂਤ ਬਾਂਕਰ ਨੂੰ ਫੋਨ ਕੀਤਾ ਸੀ ਅਤੇ ਦੋਵਾਂ ਨੇ ਮੋਬਾਈਲ ਫ਼ੋਨ 'ਤੇ ਚੈਟ ਸੁਨੇਹੇ ਵੀ ਸਾਂਝੇ ਕੀਤੇ ਸਨ।
ਆਪਣੇ ਹੱਥ ’ਤੇ ਲਿਖੇ ਸੁਸਾਈਡ ਨੋਟ ਵਿੱਚ ਉਸ ਨੇ ਦੋਸ਼ ਲਾਇਆ ਕਿ ਪੁਲੀਸ ਸਬ-ਇੰਸਪੈਕਟਰ ਗੋਪਾਲ ਬਡਨੇ ਨੇ ਕਈ ਮੌਕਿਆਂ ’ਤੇ ਉਸ ਨਾਲ ਜਬਰ ਜਨਾਹ ਕੀਤਾ, ਅਤੇ ਸਾਫਟਵੇਅਰ ਇੰਜੀਨੀਅਰ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਕੀਤਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਔਰਤ ਬਾਂਕਰ ਦੇ ਪਿਤਾ ਦੇ ਫਲੈਟ ਵਿੱਚ ਕਿਰਾਏਦਾਰ ਵਜੋਂ ਰਹਿੰਦੀ ਸੀ। ਇੱਕ ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਡਾਕਟਰ ’ਤੇ ਪੁਲੀਸ ਵੱਲੋਂ ਮੈਡੀਕਲ ਰਿਪੋਰਟਾਂ ਨੂੰ ਗਲਤ ਸਾਬਤ ਕਰਨ ਲਈ ਵੀ ਦਬਾਅ ਪਾਇਆ ਗਿਆ ਸੀ।
Satara doctor Death: ਮਹਾਰਾਸ਼ਟਰ ਦੇ ਆਗੂਆਂ ਵੱਲੋਂ SIT ਅਤੇ ਸੁਤੰਤਰ ਜਾਂਚ ਦੀ ਮੰਗ
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ 28 ਸਾਲਾ ਮਹਿਲਾ ਡਾਕਟਰ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇੱਕ ਸੁਤੰਤਰ ਜਾਂਚ ਅਤੇ ਐੱਸ.ਆਈ.ਟੀ. (SIT) ਜਾਂਚ ਦੀ ਮੰਗ ਕੀਤੀ ਹੈ।
ਜਿੱਥੇ ਵਿਰੋਧੀ ਧਿਰ ਨੇ ਇਸ ਘਟਨਾ ਨੂੰ ਲੈ ਕੇ ਮਹਾਯੁਤੀ ਸਰਕਾਰ ਨੂੰ ਨਿਸ਼ਾਨਾ ਬਣਾਇਆ, ਉੱਥੇ ਹੀ ਸੂਬੇ ਦੇ ਮੰਤਰੀਆਂ ਨੇ ਕਿਹਾ ਕਿ ਪੁਲੀਸ ਨਿਰਪੱਖ ਅਤੇ ਵਿਸਤ੍ਰਿਤ ਜਾਂਚ ਕਰੇਗੀ (ਪੀਟੀਆਈ ਇਨਪੁਟਸ ਸਮੇਤ)

