ਸੁਪਰੀਮ ਕੋਰਟ ਨੇ ਪਹਿਲੀ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਅਤੇ ਚੋਣ ਨਾਲ ਸਬੰਧਤ ਹੋਰ ਰਿਕਾਰਡ ਮੰਗਵਾ ਕੇ ਆਪਣੇ ਪਰਿਸਰ ’ਚ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਿਸ ਨਾਲ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਬੁਆਨਾ ਲੱਖੂ ਗ੍ਰਾਮ ਪੰਚਾਇਤ ਦੀ ਸਰਪੰਚੀ ਦਾ ਨਤੀਜਾ ਬਦਲ ਗਿਆ। ਵੋਟਾਂ ਦੀ ਮੁੜ ਗਿਣਤੀ ਸੁਪਰੀਮ ਕੋਰਟ ਦੇ ਓਐੱਸਡੀ (ਰਜਿਸਟਰਾਰ) ਕਾਵੇਰੀ ਵੱਲੋਂ ਦੋਵੇਂ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਕੀਤੀ ਗਈ ਅਤੇ ਇਸ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਹੋਈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਆਪਣੇ 11 ਅਗਸਤ ਦੇ ਹੁਕਮ ਵਿੱਚ ਕਿਹਾ,‘‘ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਪਾਣੀਪਤ ਨੂੰ ਇਸ ਸਬੰਧ ਵਿੱਚ ਦੋ ਦਿਨਾਂ ਦੇ ਅੰਦਰ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜਿਸ ਵਿੱਚ ਅਰਜ਼ੀਕਾਰ (ਮੋਹਿਤ ਕੁਮਾਰ) ਨੂੰ ਉਪਰੋਕਤ ਗ੍ਰਾਮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਿਆ ਜਾਵੇ।’’ ਬੈਂਚ, ਜਿਸ ਵਿੱਚ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਵੀ ਸ਼ਾਮਲ ਸਨ, ਨੇ ਹੁਕਮ ਦਿੱਤਾ ਕਿ ਅਰਜ਼ੀਕਾਰ ਮੋਹਿਤ ਕੁਮਾਰ ਸਰਪੰਚ ਦਾ ਅਹੁਦਾ ਤੁਰੰਤ ਸੰਭਾਲਣ ਅਤੇ ਉਹ ਆਪਣੇ ਫ਼ਰਜ਼ਾਂ ਦੀ ਪਾਲਣਾ ਕਰ ਸਕਣਗੇੇ। ਇਹ ਵਿਵਾਦ 2 ਨਵੰਬਰ, 2022 ਨੂੰ ਸਰਪੰਚੀ ਦੀ ਚੋਣ ਨਾਲ ਸਬੰਧਤ ਹੈ, ਜਿਸ ਵਿੱਚ ਕੁਲਦੀਪ ਸਿੰਘ ਨੂੰ ਜੇਤੂ ਐਲਾਨਿਆ ਗਿਆ ਸੀ। ਅਰਜ਼ੀਕਾਰ ਮੋਹਿਤ ਕੁਮਾਰ ਨੇ ਪਾਣੀਪਤ ਦੇ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਚੋਣ ਟ੍ਰਿਬਿਊਨਲ ਅੱਗੇ ਨਤੀਜੇ ਨੂੰ ਚੁਣੌਤੀ ਦਿੰਦੇ ਹੋਏ ਚੋਣ ਪਟੀਸ਼ਨ ਦਾਇਰ ਕੀਤੀ ਸੀ ਜਿਨ੍ਹਾਂ 22 ਅਪਰੈਲ, 2025 ਨੂੰ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ 7 ਮਈ, 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਸੀ। ਉਂਝ ਚੋਣ ਟ੍ਰਿਬਿਊਨਲ ਦੇ ਇਸ ਹੁਕਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਜੁਲਾਈ, 2025 ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਦੇ ਹੁਕਮ ਤੋਂ ਨਿਰਾਸ਼ ਹੋ ਕੇ ਮੋਹਿਤ ਕੁਮਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਸੁਪਰੀਮ ਕੋਰਟ ਨੇ ਇੱਕ ਬੂਥ ਦੀ ਬਜਾਏ ਸਾਰੇ ਬੂਥਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਸੀ। ਵੋਟਾਂ ਦੀ ਮੁੜ ਹੋਈ ਗਿਣਤੀ ਦੌਰਾਨ ਮੋਹਿਤ ਕੁਮਾਰ ਨੂੰ ਕੁੱਲ 3,767 ’ਚੋਂ 1,051 ਵੋਟਾਂ ਮਿਲੀਆਂ ਜਦਕਿ ਉਸ ਦੇ ਨਜ਼ਦੀਕੀ ਵਿਰੋਧੀ ਉਮੀਦਵਾਰ ਕੁਲਦੀਪ ਸਿੰਘ ਨੂੰ 1,000 ਵੋਟਾਂ ਮਿਲੀਆਂ। ਬੈਂਚ ਨੇ ਸਪੱਸ਼ਟ ਕੀਤਾ ਕਿ ਪਾਰਟੀਆਂ ਹਾਲੇ ਵੀ ਕੋਈ ਮੁੱਦਾ ਚੋਣ ਟ੍ਰਿਬਿਊਨਲ ਅੱਗੇ ਉਠਾ ਸਕਦੀਆਂ ਹਨ।
+
Advertisement
Advertisement
Advertisement
Advertisement
×