DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਬੋਹਰ ਵਿਚ ‘New Wear Well’ ਦੇ ਸਹਿ-ਮਾਲਕ ਸੰਜੈ ਵਰਮਾ ਦਾ ਦਿਨ ਦਿਹਾੜੇ ਕਤਲ

'New Wear Well' co-owner Sanjay Verma shot dead in daylight shooting in Abohar
  • fb
  • twitter
  • whatsapp
  • whatsapp
Advertisement
ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਸ਼ੋਅਰੂਮ ਦੇ ਬਾਹਰ ਗੋਲੀਆਂ ਮਾਰੀਆਂ

ਰਾਜ ਸਦੋਸ਼

ਅਬੋਹਰ, 7 ਜੁਲਾਈ

Advertisement

‘New Wear Well’ ਸ਼ੋਅਰੂਮ ਦੇ ਸਹਿ ਮਾਲਕ ਤੇ ਉੱਘੇ ਕਾਰੋਬਾਰੀ ਸੰਜੈ ਵਰਮਾ ਦਾ ਅੱਜ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਇਹ ਪੂਰੀ ਵਾਰਦਾਤ ਵਰਮਾ ਦੀ ਮਾਲਕੀ ਵਾਲੇ ਸ਼ੋਅਰੂਮ ਦੇ ਬਿਲਕੁਲ ਬਾਹਰ ਵਾਪਰੀ।

ਬਾਈਕ ਸਵਾਰ ਹਮਲਾਵਰਾਂ ਦੀ ਸੀਸੀਟੀਵੀ ਤੋਂ ਲਈ ਤਸਵੀਰ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ 10 ਦੇ ਕਰੀਬ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਚਾਰ ਗੋਲੀਆਂ ਵਰਮਾ ਦੀ ਆਈ20 ਕਾਰ ਵਿਚ ਲੱਗੀਆਂ। ਕੌਮਾਂਤਰੀ ਫੇਮ ਪਹਿਲਵਾਨ ਗ੍ਰੇਟ ਖਲੀ ਨੇ ਬਹੁਤ ਪਹਿਲਾਂ ਸ਼ੋਅਰੂਮ ਦਾ ਉਦਘਾਟਨ ਕੀਤਾ ਸੀ। ਪੌਲੀਵੁੱਡ ਦੇ ਕਲਾਕਾਰ, ਖਿਡਾਰੀ, ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਸ਼ੋਅਰੂਮ ਵਿਚ ਆਉਣ ਜਾਣ ਸੀ। ਸੰਜੈ ਵਰਮਾ (58) ਫੈਸ਼ਨ ਡਿਜ਼ਾਈਨਰ ਜਗਤ ਵਰਮਾ, ਜਿਸ ਨੂੰ ਆਲਮੀ ਪੱਧਰ ’ਤੇ ਬਹੁਤ ਮਾਣ ਸਨਮਾਨ ਮਿਲਿਆ ਹੈ, ਦਾ ਛੋਟਾ ਭਰਾ ਸੀ।

ਜਾਣਕਾਰੀ ਅਨੁਸਾਰ ਬਾਈਕ ਸਵਾਰ ਦੋ ਤੋਂ ਤਿੰਨ ਸ਼ੂਟਰ ਭਗਤ ਸਿੰਘ ਚੌਕ ਵਿਚ ਪਹਿਲਾਂ ਤੋਂ ਵਰਮਾ ਦੀ ਉਡੀਕ ਵਿਚ ਸਨ। ਵਰਮਾ ਸਵਾ ਦਸ ਵਜੇ ਦੇ ਕਰੀਬ ਜਿਵੇਂ ਹੀ ਸ਼ੋਅਰੂਮ ਦੇ ਬਾਹਰ ਆਪਣੀ ਕਾਰ ’ਚੋਂ ਬਾਹਰ ਨਿਕਲਿਆ ਤਾਂ ਇਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ ਗੋਲੀਆਂ ਚਲਾਈਆਂ। ਚਸ਼ਮਦੀਦਾਂ ਮੁਤਾਬਕ ਹਮਲਾਵਰ ਮੋਟਰਸਾਈਕਲਾਂ ’ਤੇ ਆਏ ਸਨ, ਜੋ ਉਨ੍ਹਾਂ ਲਾਲਾ ਲਾਜਪਤ ਰਾਏ ਪਾਰਕ ਦੇ ਬਾਹਰ ਪਾਰਕ ਕੀਤੇ ਹੋਏ ਸਨ। ਇਨ੍ਹਾਂ ਵਿਚੋਂ ਤਿੰਨ ਜਣੇ ਤੁਰ ਕੇ ਚੌਕ ਤੱਕ ਆਏ ਤੇ ਇਕ ਜਣਾ ਉਥੇ ਹੀ ਉਡੀਕ ਕਰਦਾ ਰਿਹਾ। ਹਮਲਾਵਰਾਂ ਵੱਲੋਂ ਕੀਤੀ ਫਾਇਰਿੰਗ ਨਾਲ ਉਥੇ ਭਗਦੜ ਮੱਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰ ਤੇ ਹੋਰ ਰਾਹਗੀਰ ਉਥੋਂ ਭੱਜ ਗਏ।

ਵਰਮਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ਤੋਂ ਗੋਲੀਆਂ ਦੇ ਕੁਝ ਖੋਲ ਇਕੱਠੇ ਕੀਤੇ ਹਨ। ਇਸ ਦੌਰਾਨ ਐੱਸਐੱਸਪੀ ਗੁਰਮੀਤ ਸਿੰਘ ਵੀ ਜਾਂਚ ਦੀ ਨਿਗਰਾਨੀ ਕਰਨ ਲਈ ਅਬੋਹਰ ਪਹੁੰਚੇ। ਪੁਲੀਸ ਨੇ ਚੌਕ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਲ ਜੋੜਦੀ ਗਲੀ ਵਿਚੋਂ ਮਿਲਿਆ ਲਾਵਾਰਸ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।

ਪੁਲੀਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਫੌਰੀ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਕਤਲ ਪਿਛਲਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਅਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਰਮਾ ਦੇ ਦਿਨ ਦਿਹਾੜੇ ਹੋਏ ਕਤਲ ਦੀ ਨਿਖੇਧੀ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਨਹੀਂ ਬਲਕਿ ਜੰਗਲ ਰਾਜ ਹੈ।

Advertisement