ਸੰਦੇਸ਼ਖਲੀ: ਬੰਗਾਲ ਦੇ ਤਿੰਨ ਮੰਤਰੀਆਂ ਨੇ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ
ਕੋਲਕਾਤਾ, 18 ਫਰਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੈਬਨਿਟ ਦੇ ਤਿੰਨ ਮੰਤਰੀਆਂ ਨੇ ਅੱਜ ਸੰਦੇਸ਼ਖਲੀ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ। ਭੂਮੀ ਵਿਭਾਗ ਨੇ ਵੀ ਉਥੇ ਕੈਂਪ ਖੋਲ੍ਹੇ ਹਨ ਤਾਂ ਜੋ ਜ਼ਮੀਨ ਹਥਿਆਉਣ ਦੇ...
ਕੋਲਕਾਤਾ, 18 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੈਬਨਿਟ ਦੇ ਤਿੰਨ ਮੰਤਰੀਆਂ ਨੇ ਅੱਜ ਸੰਦੇਸ਼ਖਲੀ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ। ਭੂਮੀ ਵਿਭਾਗ ਨੇ ਵੀ ਉਥੇ ਕੈਂਪ ਖੋਲ੍ਹੇ ਹਨ ਤਾਂ ਜੋ ਜ਼ਮੀਨ ਹਥਿਆਉਣ ਦੇ ਲੱਗੇ ਦੋਸ਼ਾਂ ਦੀਆਂ ਲੋਕ ਸ਼ਿਕਾਇਤਾਂ ਦਰਜ ਕਰਵਾ ਸਕਣ। 5ਮੰਤਰੀਆਂ ਪਾਰਥਾ ਭੌਮਿਕ, ਸੁਜੀਤ ਬੋਸ ਅਤੇ ਬੀਰਬਾਹਾ ਹੰਸਦਾ ਨੇ ਕਾਲੀਨਗਰ ਪਿੰਡ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ। ਸੰਦੇਸ਼ਖਲੀ ਤੋਂ ਤ੍ਰਿਣਮੂਲ ਕਾਂਗਰਸ ਵਿਧਾਇਕ ਸੁਕੁਮਾਰ ਮਹਾਤਾ ਵੀ ਉਨ੍ਹਾਂ ਨਾਲ ਸਨ। ਬੋਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਅਸੀਂ ਇਥੇ ਲੋਕਾਂ ਅਤੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਆਏ ਹਾਂ। ਅਸੀਂ ਉਨ੍ਹਾਂ ਥਾਵਾਂ ਦਾ ਦੌਰਾ ਕਰ ਰਹੇ ਹਾਂ ਜਿਥੇ ਦਫ਼ਾ 144 ਲਾਗੂ ਨਹੀਂ ਕੀਤੀ ਗਈ ਹੈ ਅਤੇ ਜੋ ਸੰਵੇਦਨਸ਼ੀਲ ਨਹੀਂ ਹਨ।’’ ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀਆਂ ’ਤੇ ਆਧਾਰਿਤ ਭਾਜਪਾ ਦੀ ਟੀਮ ਨੂੰ ਸੰਦੇਸ਼ਖਲੀ ਜਾਣ ਤੋਂ ਪ੍ਰਸ਼ਾਸਨ ਨੇ ਰੋਕ ਦਿੱਤਾ ਸੀ। ਸੰਦੇਸ਼ਖਲੀ ’ਚ 19 ਥਾਵਾਂ ’ਤੇ ਪੰਜ ਜਾਂ ਉਸ ਤੋਂ ਵਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਬੋਸ ਨੇ ਦਾਅਵਾ ਕੀਤਾ ਕਿ ਸੰਦੇਸ਼ਖਲੀ, ਜਿਥੇ 16 ਪੰਚਾਇਤੀ ਇਲਾਕੇ ਹਨ, ’ਚ ਕੁਝ ਥਾਵਾਂ ’ਤੇ ਹੀ ਮਹਿਲਾਵਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਹੋਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਐੱਮਸੀ ਦੇ ਸਥਾਨਕ ਆਗੂਆਂ ਸ਼ਿਵਪ੍ਰਸਾਦ ਹਾਜ਼ਰਾ ਉਰਫ਼ ਸ਼ਿਬੂ ਅਤੇ ਉੱਤਮ ਸਰਦਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸਰਦਾਰ ਨੂੰ ਹਫ਼ਤਾ ਕੁ ਪਹਿਲਾਂ ਜਦਕਿ ਹਾਜ਼ਰਾ ਨੂੰ ਸ਼ਨਿਚਰਵਾਰ ਨੂੰ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਦੀ ਕੋਸ਼ਿਸ਼ ਸਣੇ ਹੋਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਸ਼ਿਬੂ ਹਾਜ਼ਰਾ ਨੂੰ ਬਸ਼ੀਰਹਾਟ ਸਬ ਡਿਵੀਜ਼ਨ ਅਦਾਲਤ ਨੇ ਅੱਠ ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਡੀਜੀਪੀ ਰਾਜੀਵ ਕੁਮਾਰ ਨੇ ਕਿਹਾ ਕਿ ਡੀਆਈਜੀ ਰੈਂਕ ਦੀਆਂ ਦੋ ਮਹਿਲਾ ਅਧਿਕਾਰੀਆਂ ਦੀ ਅਗਵਾਈ ਹੇਠ 10 ਮੈਂਬਰੀ ਕਮੇਟੀ ਸੰਦੇਸ਼ਖਲੀ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੁਲੀਸ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸਾਹਮਣੇ ਆ ਕੇ ਸ਼ਿਕਾਇਤਾਂ ਦਰਜ ਕਰਾਉਣ।
ਪਿੰਡ ਵਾਸੀਆਂ ਖ਼ਿਲਾਫ਼ ਧੱਕੇਸ਼ਾਹੀ ਲਈ ਟੀਐੱਮਸੀ ਆਗੂ ਸ਼ੇਖ਼ ਸ਼ਾਹਜਹਾਂ ਨੂੰ ਮੁੱਖ ਦੋਸ਼ੀ ਠਹਿਰਾਉਂਦਿਆਂ ਵਿਰੋਧੀ ਧਿਰਾਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਨੇ ਸੰਦੇਸ਼ਖਲੀ ’ਚ ਹਿੰਸਕ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਸੀਪੀਐੱਮ ਦੇ ਸਾਬਕਾ ਵਿਧਾਇਕ ਨਿਰਪਦਾ ਸਰਦਾਰ ਅਤੇ ਭਾਜਪਾ ਦੇ ਸਥਾਨਕ ਆਗੂ ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ