ਸੰਦੇਸ਼ਖਲੀ ਮਾਮਲਾ: ਟੀਐੱਮਸੀ ਖ਼ਿਲਾਫ਼ ਵੋਟਿੰਗ ਕਰਨ ’ਤੇ ਆਦਿਵਾਸੀਆਂ ਨੂੰ ਦਿੱਤੇ ਗਏ ਸਨ ਤਸੀਹੇ
ਨਵੀਂ ਦਿੱਲੀ, 24 ਫਰਵਰੀ ਅਨੁਸੂਚਿਤ ਜਨਜਾਤੀਆਂ ਬਾਰੇ ਕੌਮੀ ਕਮਿਸ਼ਨ (ਐੱਨਸੀਐੱਸਟੀ) ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਆਦਿਵਾਸੀਆਂ ਨੂੰ ਟੀਐੱਮਸੀ ਖ਼ਿਲਾਫ਼ ਵੋਟਾਂ ਪਾਉਣ ਦੇ ਦੋਸ਼ ਹੇਠ ਤਸੀਹੇ ਦਿੱਤੇ ਗਏ ਸਨ। ਕਮਿਸ਼ਨ ਦੀ ਟੀਮ ਨੂੰ ਸਿ਼ਕਾਇਤਕਰਤਾਵਾਂ...
ਨਵੀਂ ਦਿੱਲੀ, 24 ਫਰਵਰੀ
ਅਨੁਸੂਚਿਤ ਜਨਜਾਤੀਆਂ ਬਾਰੇ ਕੌਮੀ ਕਮਿਸ਼ਨ (ਐੱਨਸੀਐੱਸਟੀ) ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਆਦਿਵਾਸੀਆਂ ਨੂੰ ਟੀਐੱਮਸੀ ਖ਼ਿਲਾਫ਼ ਵੋਟਾਂ ਪਾਉਣ ਦੇ ਦੋਸ਼ ਹੇਠ ਤਸੀਹੇ ਦਿੱਤੇ ਗਏ ਸਨ। ਕਮਿਸ਼ਨ ਦੀ ਟੀਮ ਨੂੰ ਸਿ਼ਕਾਇਤਕਰਤਾਵਾਂ ਨੇ ਦੱਸਿਆ ਕਿ ਟੀਐੱਮਸੀ ਆਗੂ ਸ਼ੇਖ਼ ਸ਼ਾਹਜਹਾਂ ਅਤੇ ਉਸ ਦੇ ਸਾਥੀ ਗਰੀਬ ਆਦਿਵਾਸੀ ਪਰਿਵਾਰਾਂ ਦੀਆਂ ਮਗਨਰੇਗਾ ਉਜਰਤਾਂ ਵੀ ਜਬਰੀ ਲੈ ਜਾਂਦੇ ਸਨ। ਮੀਤ ਚੇਅਰਮਪਰਸਨ ਅਨੰਤ ਨਾਇਕ ਦੀ ਅਗਵਾਈ ਹੇਠਲੀ ਟੀਮ ਨੂੰ ਦੱਸਿਆ ਗਿਆ ਕਿ ਸ਼ਾਹਜਹਾਂ ਅਤੇ ਉਸ ਦੇ ਸਾਥੀਆਂ ਨੂੰ ਪੱਛਮੀ ਬੰਗਾਲ ਪੁਲੀਸ ਬਚਾਅ ਰਹੀ ਹੈ। ਜਾਂਚ ਟੀਮ ਦਿੱਲੀ ਪਰਤ ਆਈ ਹੈ ਅਤੇ ਉਸ ਵੱਲੋਂ ਰਿਪੋਰਟ ਸਰਕਾਰ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਇਕ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਮੇਟੀ ਨੂੰ ਆਦਿਵਾਸੀ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਸ਼ਾਹਜਹਾਂ ਤੇ ਉਸ ਦੇ ਸਾਥੀਆਂ ਵੱਲੋਂ ਜ਼ਮੀਨ ਹਥਿਆਉਣ ਦੀਆਂ 50 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਕਮਿਸ਼ਨ ਦੇ ਵਾਈਸ ਚੇਅਰਪਰਸਨ ਨੇ ਕਿਹਾ ਕਿ ਜੇਕਰ ਕੋਈ ਪੀੜਤ ਪੁਲੀਸ ਕੋਲ ਪਹੁੰਚ ਕਰਦਾ ਸੀ ਤਾਂ ਉਸ ਦੀ ਐੱਫਆਈਆਰ ਜਾਂ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ ਜਾਂਦੀ ਸੀ। ਇਥੋਂ ਤੱਕ ਕਿ ਸ਼ਿਕਾਇਤਕਰਤਾਵਾਂ ਨੂੰ ਸ਼ਾਹਜਹਾਂ ਨਾਲ ਸੌਦਾ ਕਰਨ ਲਈ ਕਿਹਾ ਜਾਂਦਾ ਸੀ। ਜੇਕਰ ਆਦਿਵਾਸੀ ਪਰਿਵਾਰ ਜ਼ਮੀਨ ਦੇਣ ਤੋਂ ਇਨਕਾਰ ਕਰਦੇ ਸਨ ਤਾਂ ਉਨ੍ਹਾਂ ਦੇ ਖੇਤਾਂ ’ਚ ਖਾਰਾ ਪਾਣੀ ਛੱਡ ਦਿੱਤਾ ਜਾਂਦਾ ਸੀ। ਨਾਇਕ ਨੇ ਕਿਹਾ ਕਿ ਸ਼ਾਹਜਹਾਂ ਨੇ ਇਕ ਹਜ਼ਾਰ ਤੋਂ ਵਧ ਆਦਿਵਾਸੀਆਂ ਅਤੇ ਗ਼ੈਰ-ਆਦਿਵਾਸੀਆਂ ਦੀ ਜ਼ਮੀਨ ਦੱਬੀ ਹੈ।
ਇਸੇ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਦੋਸ਼ ਲਗਾਇਆ ਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਦੇਸ਼ਖਲੀ ਮੁੱਦੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ’ਤੇ ਵੀ ਸੰਦੇਸ਼ਖਾਲੀ ਵਿੱਚ ਹਾਲਾਤ ’ਤੇ ਕਾਬੂ ਪਾਉਣ ਵਿੱਚ ਅਸਮਰੱਥ ਹੋਣ ਦਾ ਦੋਸ਼ ਲਗਾਇਆ। -ਪੀਟੀਆਈ
ਮਮਤਾ ਦੇ ਮੰਤਰੀਆਂ ਵੱਲੋਂ ਸੰਦੇਸ਼ਖਲੀ ਦਾ ਦੌਰਾ, ਸੀਪੀਐੱਮ ਆਗੂ ਨੂੰ ਰਾਹ ’ਚ ਰੋਕਿਆ
ਕੋਲਕਾਤਾ: ਪੱਛਮੀ ਬੰਗਾਲ ਦੇ ਦੋ ਮੰਤਰੀਆਂ ਸੁਜੀਤ ਬੋਸ ਅਤੇ ਪਾਰਥਾ ਭੌਮਿਕ ਨੇ ਸੰਦੇਸ਼ਖਲੀ ਦਾ ਦੌਰਾ ਕਰਕੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਸੰਦੇਸ਼ਖਲੀ ਦੇ ਵਿਧਾਇਕ ਸੁਕੁਮਾਰ ਮਹਾਤੋ ਵੀ ਮੌਜੂਦ ਸਨ। ਉਧਰ ਮੀਨਾਕਸ਼ੀ ਮੁਖੋਪਾਧਿਆਏ ਦੀ ਅਗਵਾਈ ਹੇਠ ਸੀਪੀਐੱਮ ਦੇ ਇਕ ਵਫ਼ਦ ਨੂੰ ਪੁਲੀਸ ਨੇ ਸੰਦੇਸ਼ਖਲੀ ਜਾਣ ਤੋਂ ਰੋਕ ਦਿੱਤਾ। ਮੰਤਰੀਆਂ ਅਤੇ ਵਿਧਾਇਕ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਵਿਜਯਾ ਭਾਰਤੀ ਸਯਾਨੀ ਦੀ ਅਗਵਾਈ ਹੇਠ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਲਗਾਤਾਰ ਦੂਜੇ ਦਿਨ ਸੰਦੇਸ਼ਖਲੀ ਦਾ ਦੌਰਾ ਕੀਤਾ। ਏਡੀਜੀ (ਦੱਖਣੀ ਬੰਗਾਲ) ਸੁਪ੍ਰਤਿਮ ਸਰਕਾਰ ਨੇ ਵੀ ਇਲਾਕੇ ਦਾ ਦੌਰਾ ਕੀਤਾ। ਹਲਦਰ ਪਾਰਾ ਇਲਾਕੇ ’ਚ ਕੁਝ ਲੋਕਾਂ ਨੇ ਟੀਐੱਮਸੀ ਹਮਾਇਤੀ ’ਤੇ ਹਮਲਾ ਕੀਤਾ ਜਿਸ ਕਾਰਨ ਕੁਝ ਤਣਾਅ ਪੈਦਾ ਹੋ ਗਿਆ ਸੀ ਪਰ ਪੁਲੀਸ ਨੇ ਹਾਲਾਤ ਕਾਬੂ ਹੇਠ ਕਰ ਲਏ। ਜਾਣਕਾਰੀ ਮੁਤਾਬਕ ਸਰਕਾਰੀ ਕੈਂਪਾਂ ’ਚ ਹੁਣ ਤੱਕ 1250 ਤੋਂ ਵਧ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। -ਪੀਟੀਆਈ