ਸੰਦੀਪ ਪਾਠਕ ਨੇ ਪੰਜਾਬ ਸਰਹੱਦ ’ਤੇ ਡਰੋਨ ਸਰਗਰਮੀਆਂ ’ਤੇ ਚਰਚਾ ਕਰਨ ਲਈ ਰਾਜ ਸਭਾ ਵਿੱਚ ਸਿਫ਼ਰ ਕਾਲ ਨੋਟਿਸ ਦਿੱਤਾ
Sandeep Pathak gives zero-hour notice in Rajya Sabha to discuss hostile drone activities on Punjab border
ਨਵੀਂ ਦਿੱਲੀ, 10 ਫਰਵਰੀ
ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੋਮਵਾਰ ਨੂੰ ਰਾਜ ਸਭਾ ’ਚ ਸਿਫ਼ਰ ਕਾਲ ਦੌਰਾਨ ਪੰਜਾਬ ਨੂੰ ਲੱਗਦੀ ਕੌਮਾਂਤਰੀ ਸਰਹੱਦ ’ਤੇ ਦੁਸ਼ਮਣ ਡਰੋਨ ਸਰਗਰਮੀਆਂ, ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਮੁੱਦੇ ’ਤੇ ਚਰਚਾ ਲਈ ਨੋਟਿਸ ਦਿੱਤਾ। ਰਾਜ ਸਭਾ ਦੇ ਸਕੱਤਰ ਜਨਰਲ ਨੂੰ ਲਿਖੇ ਪੱਤਰ ਵਿੱਚ ਪਾਠਕ ਨੇ ਕਿਹਾ ਕਿ ਪਾਕਿਸਤਾਨ ਪੰਜਾਬ ਸਰਹੱਦ ਨਾਲ ਲੱਗਦੇ ਭਾਰਤੀ ਖੇਤਰ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਲਗਾਤਾਰ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ 2023 ਵਿੱਚ ਸੁਰੱਖਿਆ ਬਲਾਂ ਨੇ ਪੰਜਾਬ ਦੀ ਸਰਹੱਦ ਦੇ ਨਾਲ 107 ਡਰੋਨ ਜ਼ਬਤ ਕੀਤੇ ਸਨ, ਜਦੋਂ ਕਿ ਨਵੰਬਰ 2024 ਤੱਕ ਲਗਭਗ 200 ਡਰੋਨ ਜ਼ਬਤ ਕੀਤੇ ਗਏ ਸਨ। ਇਹ ਜ਼ਬਤ ਕੀਤੇ ਗਏ ਡਰੋਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਲੈਸ ਸਨ। ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਿੰਸਾ ਫੈਲਾਉਣ ਲਈ ਪਾਕਿਸਤਾਨ ਵੱਲੋਂ ਡਰੋਨਾਂ ਦੀ ਵੱਡੇ ਪੱਧਰ ’ਤੇ ਵਰਤੋਂ ਨੂੰ ਉਨ੍ਹਾਂ ਚਿੰਤਾਜਨਕ ਦੱਸਿਆ।
ਮਨੀਸ਼ ਤਿਵਾੜੀ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮਾਮਲੇ ’ਤੇ ਚਰਚਾ ਦੀ ਮੰਗ
ਇਸ ਦੌਰਾਨ ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਮਤਾ ਪੇਸ਼ ਕਰਦਿਆਂ ਲੋਕ ਸਭਾ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਮਾਮਲੇ ’ਤੇ ਭਾਰਤ ਸਰਕਾਰ ਦੇ ਜਵਾਬ ’ਤੇ ਚਰਚਾ ਕਰਨ ਦੀ ਮੰਗ ਕੀਤੀ। ਲੋਕ ਸਭਾ ਦੇ ਸਕੱਤਰ-ਜਨਰਲ ਨੂੰ ਦਿੱਤੇ ਆਪਣੇ ਪ੍ਰਸਤਾਵ ਵਿੱਚ ਤਿਵਾੜੀ ਨੇ ਬੇਨਤੀ ਕੀਤੀ ਕਿ ਸਦਨ ਡਿਪੋਰਟ ਦੀ ਪ੍ਰਕਿਰਿਆ ਅਤੇ ਭਾਰਤੀ ਨਾਗਰਿਕਾਂ ਨੂੰ ਦਰਪੇਸ਼ ਸ਼ਰਤਾਂ ’ਤੇ ਵਿਚਾਰ ਕਰਨ ਲਈ ਸਿਫ਼ਰ ਕਾਲ, ਪ੍ਰਸ਼ਨ ਕਾਲ ਅਤੇ ਹੋਰ ਨਿਰਧਾਰਤ ਕਾਰੋਬਾਰ ਨਾਲ ਸਬੰਧਤ ਨਿਯਮਾਂ ਨੂੰ ਮੁਅੱਤਲ ਕਰੇ। ਕਾਂਗਰਸ ਸਾਂਸਦ ਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਅੰਦਾਜ਼ੇ ਮੁਤਾਬਕ ਲਗਭਗ 7.25 ਲੱਖ ਗੈਰ-ਦਸਤਾਵੇਜ਼ੀ ਭਾਰਤੀ ਅਮਰੀਕਾ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 24,000 ਇਸ ਸਮੇਂ ਹਿਰਾਸਤ ਵਿੱਚ ਹਨ। ਏਐੱਨਆਈ


