ਲਖਨਊ, 23 ਜੂਨ
ਸਮਾਜਵਾਦੀ ਪਾਰਟੀ ਨੇ ਤਿੰਨ ਬਾਗੀ ਵਿਧਾਇਕਾਂ ਅਭੈ ਸਿੰਘ, ਰਾਕੇਸ਼ ਪ੍ਰਤਾਪ ਸਿੰਘ ਅਤੇ ਮਨੋਜ ਕੁਮਾਰ ਪਾਂਡੇ ਨੂੰ ਅੱਜ ਪਾਰਟੀ ’ਚੋਂ ਕੱਢ ਦਿੱਤਾ। ਗੋਸਾਈਂਗੰਜ ਤੋਂ ਪਾਰਟੀ ਵਿਧਾਇਕ ਅਭੈ ਸਿੰਘ, ਗੌਰੀਗੰਜ ਤੋਂ ਪਾਰਟੀ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਅਤੇ ਊਂਚਾਹਾਰ ਤੋਂ ਵਿਧਾਇਕ ਮਨੋਜ ਕੁਮਾਰ ਪਾਂਡੇ ’ਤੇ ਖੁੱਲ੍ਹੇ ਤੌਰ ’ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਿੱਚ ਆਉਣ ਦਾ ਦੋਸ਼ ਹੈ। ਸਮਾਜਵਾਦੀ ਪਾਰਟੀ ਨੇ ‘ਐਕਸ’ ਉੱਤੇ ਕਿਹਾ, ‘‘ਸਮਾਜਵਾਦੀ ਪਾਰਟੀ ਦੇ ਸਿਧਾਂਤਾਂ ਦੇ ਉਲਟ ਫਿਰਕੂ, ਵੰਡ ਪਾਊ, ਨਕਾਰਾਤਮਕ ਅਤੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਵਿਰੋਧੀ ਅਤੇ ਕਾਰੋਬਾਰ, ਰੁਜ਼ਗਾਰ ਵਿਰੋਧੀ ਤੇ ਹਾਸ਼ੀਆਗਤ ਲੋਕਾਂ ਦੇ ਹੱਕਾਂ ਵਿਰੋਧੀ ਤਾਕਤਾਂ ਦਾ ਸਮਰਥਨ ਕੀਤੇ ਜਾਣ ਕਰ ਕੇ ਤਿੰਨੋਂ ਵਿਧਾਇਕਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। -ਪੀਟੀਆਈ
ਪਾਂਡੇ ਵੱਲੋਂ ਸਮਾਜਵਾਦੀ ਪਾਰਟੀ ਦੇ ਫੈਸਲੇ ’ਤੇ ਹੈਰਾਨੀ ਜ਼ਾਹਿਰ
ਇਸ ਦਰਮਿਆਨ 2024 ਵਿੱਚ ਰਾਜ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਮਾਜਵਾਦੀ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਮਨੋਜ ਕੁਮਾਰ ਪਾਂਡੇ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਸਮਾਜਵਾਦੀ ਪਾਰਟੀ ’ਚੋਂ ਕੱਢੇ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਈ ਸਵਾਲ ਉਠਾਏ। ਉਨ੍ਹਾਂ ਕਿਹਾ, ‘‘ਮੈਂ ਇਸ ਘਟਨਾਕ੍ਰਮ ਤੋਂ ਹੈਰਾਨ ਹਾਂ। ਮੈਨੂੰ ਸਮਾਜਵਾਦੀ ਪਾਰਟੀ ਚਲਾਉਣ ਵਾਲਿਆਂ ’ਤੇ ਤਰਸ ਆਉਂਦਾ ਹੈ। ਕੋਈ ਪਾਰਟੀ ਕਿਸੇ ਅਜਿਹੇ ਵਿਅਕਤੀ ਨੂੰ ਕਿਵੇਂ ਕੱਢ ਸਕਦੀ ਹੈ ਜੋ ਪਹਿਲਾਂ ਹੀ ਇਕ ਲੱਖ ਲੋਕਾਂ ਦੀ ਭੀੜ ਸਾਹਮਣੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ’ਚ ਸ਼ਾਮਲ ਹੋ ਚੁੱਕਾ ਹੈ?’’