ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਨੂੰ ਐਤਵਾਰ ਨੂੰ ਓਹਾਇਓ ਵਿੱਚ ਕਰਵਾਏ ਡੇਅਟਨ ਲਿਟਰੇਰੀ ਪੀਸ ਪ੍ਰਾਈਜ਼ ਪ੍ਰੋਗਰਾਮ ਵਿੱਚ ਤਾਉਮਰ ਪ੍ਰਾਪਤੀਆਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਿੰਨ ਸਾਲ ਪਹਿਲਾਂ ਹੋਏ ਹਮਲੇ ਤੋਂ ਬਾਅਦ, ਪਹਿਲੀ ਗਲਪ ਪੁਸਤਕ ਪ੍ਰਕਾਸ਼ਿਤ ਹੋਣ ’ਤੇ ਦਿੱਤਾ ਗਿਆ ਹੈ।
ਇਹ ਪੁਰਸਕਾਰ ਉਨ੍ਹਾਂ ਲੇਖਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਸ਼ਾਂਤੀ ਨੂੰ ਹੁਲਾਰਾ ਦਿੰਦੇ ਹਨ। ਹਰੇਕ ਸਾਲ ਗਲਪ, ਵਾਰਤਕ ਅਤੇ ਤਾਉਮਰ ਪ੍ਰਾਪਤੀਆਂ ਪੁਰਸਕਾਰ ਦਿੱਤੇ ਜਾਂਦੇ ਹਨ। ਓਹਾਇਓ ਦਾ ਡੇਅਟਨ ਸ਼ਹਿਰ 1995 ਵਿੱਚ ਹੋਏ ਡੇਅਟਨ ਸ਼ਾਂਤੀ ਸਮਝੌਤਿਆਂ ਲਈ ਪ੍ਰਸਿੱਧ ਹੈ ਜਿਸ ਦੇ ਨਤੀਜੇ ਵਜੋਂ ਬਾਲਕਨ ਖੇਤਰ ’ਚ ਜੰਗ ਖ਼ਤਮ ਹੋਈ ਸੀ। ਇਹ ਜੰਗ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਮੌਤ ਅਤੇ 10 ਲੱਖ ਤੋਂ ਵੱਧ ਲੋਕਾਂ ਦੇ ਉਜਾੜੇ ਦਾ ਕਾਰਨ ਬਣੀ ਸੀ। ਸਲਮਾਨ ਰਸ਼ਦੀ (78) ਦਾ 1988 ਵਿੱਚ ਪ੍ਰਕਾਸ਼ਿਤ ਨਾਵਲ ‘ਦਿ ਸੈਟੇਨਿਕ ਵਰਸਿਜ਼’ ਚਰਚਾ ਵਿੱਚ ਰਿਹਾ ਹੈ। ਇਸ ਨਾਵਲ ਤੋਂ ਬਾਅਦ ਉਨ੍ਹਾਂ ’ਤੇ ਕੁਫ਼ਰ ਤੋਲਣ ਦੇ ਦੋਸ਼ ਲੱਗੇ ਸਨ ਅਤੇ 1989 ਵਿੱਚ ਇਰਾਨ ਦੇ ਧਾਰਮਿਕ ਆਗੂ ਆਇਤੁੱਲਾ ਖ਼ੁਮੈਨੀ ਨੇ ਉਨ੍ਹਾਂ ਖ਼ਿਲਾਫ਼ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ ਸੀ ਜਿਸ ਮਗਰੋਂ ਰਸ਼ਦੀ ਨੂੰ ਲੁਕ-ਲੁਕ ਕੇ ਰਹਿਣਾ ਪਿਆ ਸੀ। ਨਿਊਯਾਰਕ ਵਿੱਚ 2022 ’ਚ ਇਕ ਪ੍ਰੋਗਰਾਮ ਦੌਰਾਨ ਹਮਲੇ ’ਚ ਰਸ਼ਦੀ ਦੀ ਇਕ ਅੱਖ ਦੀ ਰੋਸ਼ਨੀ ਚਲੀ ਗਈ ਸੀ। ਉਸ ਨੇ 2024 ਵਿੱਚ ਇਸ ਹਮਲੇ ’ਤੇ ਆਧਾਰਿਤ ਪੁਸਤਕ ‘ਨਾਈਫ’ ਪ੍ਰਕਾਸ਼ਿਤ ਕੀਤੀ ਜੋ ਵਾਰਤਕ ਦੀ ਸ਼੍ਰੇਣੀ ਵਿੱਚ ਕੌਮੀ ਪੁਸਤਕ ਪੁਰਸਕਾਰ ਦੀ ਅੰਤਿਮ ਸੂਚੀ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ ਸੀ।

