ਸਾਈ ਬਾਬਾ ਨੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ: ਮੁਰਮੂ
ਰਾਸ਼ਟਰਪਤੀ ਵੱਲੋਂ ਸਾਈ ਬਾਬਾ ਦੀ ਜਨਮ ਸ਼ਤਾਬਦੀ ਦੇ ਸਮਾਗਮ ’ਚ ਸ਼ਿਰਕਤ
ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਵਿੱਚ ਸਾਈ ਬਾਬਾ ਦੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਸਮਾਗਮ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਿਰਕਤ ਕੀਤੀ। ਇੱਥੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਅਧਿਆਤਮਕ ਗੁਰੂ ਸਾਈ ਬਾਬਾ ਨੇ ਲੱਖਾਂ ਲੋਕਾਂ ਨੂੰ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਹੈ। ਸਮਾਗਮ ਵਿੱਚ ਰਾਸ਼ਟਰਤੀ ਨਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਨਾਇਡੂ ਸਵੇਰੇ 11 ਵਜੇ ਦੇ ਨੇੜੇ ਪੁੱਟਾਪਰਥੀ ਦੇ ਸ੍ਰੀ ਸੱਤਿਆ ਸਾਈ ਹਵਾਈ ਅੱਡੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਆਂਧਰਾ ਪ੍ਰਦੇਸ਼ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਸਮਾਗਮ ਵਿੱਚ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਾਈ ਬਾਬਾ ਨੇ ‘ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ’ ਵਿਸ਼ਵਾਸ ਦਾ ਪ੍ਰਚਾਰ ਕੀਤਾ। ਉਨ੍ਹਾਂ ਹਰੇਕ ਵਿਅਕਤੀ ਨੂੰ ਮਨੁੱਖਤਾ ਦੀ ਭਲਾਈ ਕਰਨ ਲਈ ਅਪੀਲ ਕੀਤੀ। ਸਾਈ ਬਾਬਾ ਦੀ ਨਿਰਸਵਾਰਥ ਸੇਵਾ ਦੀ ਭਾਵਨਾ ਤੇ ਪਿਆਰ ਦੇ ਸੰਦੇਸ਼ ਰਾਹੀਂ ਸ੍ਰੀ ਸੱਤਿਆ ਸਾਈ ਸੰਗਠਨ ਸਾਈ ਬਾਬਾ ਦੇ ਦੱਸੇ ਰਸਤਿਆਂ ’ਤੇ ਚੱਲ ਰਿਹਾ ਹੈ। ਪੁਰਾਤਨ ਸਮੇਂ ਤੋਂ ਹੀ ਸਾਡੇ ਰਿਸ਼ੀ, ਸੰਤਾਂ ਨੇ ਆਪਣੇ ਕੰਮਾਂ ਤੇ ਸ਼ਬਦਾਂ ਰਾਹੀਂ ਸਮਾਜ ਦਾ ਮਾਰਗਦਰਸ਼ਨ ਕੀਤਾ ਹੈ ਤੇ ਲੋਕ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਇਸ ਦੌਰਾਨ ਰਾਸ਼ਟਰਪਤੀ ਨੇ ਸੱਤਿਆ ਸਾਈ ਸੈਂਟਰਲ ਟਰੱਸਟ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਈ ਟਰੱਸਟ ਮੁਫ਼ਤ ਸਿੱਖਿਆ ਦੇਣ ਦੇ ਨਾਲ-ਨਾਲ ਸਮਾਜ ਭਲਾਈ ਦੇ ਕਈ ਹੋਰ ਕੰਮਾਂ ਵਿੱਚ ਯੋਦਗਾਨ ਪਾ ਰਿਹਾ ਹੈ।

