ਰੂਸੀ ਤੇਲ ਮਾਮਲਾ: ਟਰੰਪ ਵੱਲੋਂ ਭਾਰਤ ’ਤੇ ਸੈਕੰਡਰੀ ਟੈਕਸ ਨਾ ਲਾਉਣ ਦੇ ਸੰਕੇਤ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਣ ਵਾਲੇ ਦੇਸ਼ਾਂ ’ਤੇ ਅਮਰੀਕਾ ਸੈਕੰਡਰੀ ਟੈਕਸ ਨਾ ਲਗਾਏ। ਅਜਿਹੀਆਂ ਸੰਭਾਵਨਾਵਾਂ ਸਨ ਕਿ ਜੇ ਅਮਰੀਕਾ ਨੇ ਵਾਧੂ ਸੈਕੰਡਰੀ ਟੈਕਸ ਲਾਗੂ ਕੀਤਾ ਤਾਂ ਉਸ ਨਾਲ ਭਾਰਤ ਪ੍ਰਭਾਵਿਤ ਹੋ ਸਕਦਾ ਸੀ।
ਟਰੰਪ ਨੇ ਅੱਜ ਕਿਹਾ, ‘‘ਖੈਰ, ਉਨ੍ਹਾਂ ਨੇ (ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ) ਤੇਲ ਦਾ ਇਕ ਗਾਹਕ ਗੁਆ ਦਿੱਤਾ ਜੋ ਭਾਰਤ ਹੈ। ਉਹ ਲਗਪਗ 40 ਫੀਸਦ ਤੇਲ ਦੀ ਦਰਾਮਦ ਕਰ ਰਿਹਾ ਸੀ। ਚੀਨ, ਜਿਵੇਂ ਤੁਸੀਂ ਜਾਣਦੇ ਹੋ ਕਿ ਕਾਫੀ ਜ਼ਿਆਦਾ ਦਰਾਮਦ ਕਰ ਰਿਹਾ ਹੈ ਅਤੇ ਜੇ ਮੈਂ ‘ਸੈਕੰਡਰੀ ਪਾਬੰਦੀ’ ਜਾਂ ‘ਸੈਕੰਡਰੀ ਟੈਕਸ’ ਲਗਾਇਆ ਤਾਂ ਇਹ ਉਨ੍ਹਾਂ ਵਾਸਤੇ ਕਾਫੀ ਭਿਆਨਕ ਹੋਵੇਗਾ। ਜੇਕਰ ਮੈਨੂੰ ਇਹ ਕਰਨਾ ਪਿਆ ਤਾਂ ਮੈਂ ਕਰਾਂਗਾ। ਸ਼ਾਇਦ ਮੈਨੂੰ ਇਹ ਨਾ ਕਰਨਾ ਪਵੇ।’’ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਹ ਬਿਆਨ ਪੂਤਿਨ ਨਾਲ ਅਹਿਮ ਉੱਚ ਪੱਧਰੀ ਮੀਟਿੰਗ ਲਈ ਅਲਾਸਕਾ ਜਾਂਦੇ ਸਮੇਂ ‘ਏਅਰ ਫੋਰਸ ਵਨ’ ਜਹਾਜ਼ ਵਿੱਚ ‘ਫੌਕਸ ਨਿਊਜ਼’ ਨੂੰ ਦਿੱਤੀ। ਇਹ ਮੀਟਿੰਗ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਬਿਨਾ ਕਿਸੇ ਸਹਿਮਤੀ ਤੋਂ ਸਮਾਪਤ ਹੋ ਗਈ। ਬੇਸੈਂਟ ਨੇ ਬੁੱਧਵਾਰ ਨੂੰ ‘ਬਲੂਮਬਰਗ’ ਨਾਲ ਇੰਟਰਵਿਊ ਵਿੱਚ ਕਿਹਾ ਸੀ, ‘‘ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਪੂਤਿਨ ਤੋਂ ਹਰ ਕੋਈ ਨਿਰਾਸ਼ ਹੈ। ਸਾਨੂੰ ਆਸ ਸੀ ਕਿ ਉਹ ਜ਼ਿਆਦਾ ਖੁੱਲ੍ਹ ਕੇ ਗੱਲਬਾਤ ਕਰਨਗੇ। ਅਜਿਹਾ ਲੱਗ ਰਿਹਾ ਸੀ ਕਿ ਉਹ ਸੰਵਾਦ ਲਈ ਤਿਆਰ ਹੋ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਰੂਸੀ ਤੇਲ ਖਰੀਦਣ ਲਈ ਭਾਰਤੀਆਂ ’ਤੇ ਵਾਧੂ ਟੈਕਸ ਲਗਾ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਜੇ ਚੀਜ਼ਾਂ ਠੀਕ ਨਹੀਂ ਰਹੀਆਂ ਤਾਂ ਵਾਧੂ ਟੈਕਸ ਵਧ ਸਕਦੇ ਹਨ।’’
ਭਾਰਤ ਨੂੰ ਨਿਸ਼ਾਨਾ ਬਣਾਉਣਾ ਗੈਰ-ਵਾਜਬ: ਵਿਦੇਸ਼ ਮੰਤਰਾਲਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਟੈਕਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਬੇਇਨਸਾਫੀ ਅਤੇ ਗੈਰ-ਵਾਜ਼ਿਬ ਹੈ। ਮੰਤਰਾਲੇ ਨੇ ਕਿਹਾ, ‘‘ਕਿਸੇ ਵੀ ਵੱਡੇ ਅਰਥਚਾਰੇ ਵਾਂਗ ਭਾਰਤ ਆਪਣੇ ਕੌਮੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਲੋੜੀਂਦੇ ਉਪਾਅ ਕਰੇਗਾ।’’
ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੁਕਵਾਉਣ ਦਾ ਮੁੜ ਦਾਅਵਾ
ਨਿਊਯਾਰਕ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸ਼ੁੱਕਰਵਾਰ ਨੂੰ ਆਪਣੀ ਸਿਖਰ ਵਾਰਤਾ ਵਾਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਵਾਲੇ ਦਾਅਵੇ ਨੂੰ ਵਾਰ-ਵਾਰ ਦੁਹਰਾਇਆ। ਟਰੰਪ ਨੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ’ਤੇ ਵੀ ਟਿੱਪਣੀ ਕੀਤੀ। ਟਰੰਪ ਦੇ ਦਾਅਵੇ ਦੇ ਬਿਲਕੁਲ ਉਲਟ ਭਾਰਤ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਤੋਂ ਬਾਅਦ ਫੌਜੀ ਟਕਰਾਅ ਬੰਦ ਹੋ ਗਿਆ ਸੀ ਅਤੇ ਅਮਰੀਕਾ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਸੀ। ਟਰੰਪ ਨੇ ਪੂਤਿਨ ਨਾਲ ਸਿਖਰ ਸੰਮੇਲਨ ਖਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘ਮੈਂ ਪੰਜ ਜੰਗਾਂ ਖਤਮ ਕਰਵਾਉਣ ਲਈ ਗੱਲਬਾਤ ਕੀਤੀ।’ ਇਨ੍ਹਾਂ ਵਿੱਚ ਭਾਰਤ-ਪਾਕਿਸਤਾਨ, ਕਾਂਗੋ-ਰਵਾਂਡਾ, ਥਾਈਲੈਂਡ-ਕੰਬੋਡੀਆ ਅਤੇ ਅਰਮੇਨੀਆ-ਅਜ਼ਰਬਾਇਜਾਨ ਵਿਚਾਲੇ ਜੰਗਾਂ ਵੀ ਸ਼ਾਮਲ ਹਨ। -ਪੀਟੀਆਈ