Russia on BRICS: ਬ੍ਰਿਕਸ ਕਿਸੇ ਹੋਰ ਮੁਲਕ ਨੂੰ ਕਮਜ਼ੋਰ ਕਰਨ ਲਈ ਕੰਮ ਨਹੀਂ ਕਰ ਰਿਹਾ: ਕਰੈਮਲਿਨ
Kremlin says BRICS is not working to undermine other countries after Trump threatens extra tariffs
ਮਾਸਕੋ, 7 ਜੁਲਾਈ
ਰੂਸ ਦੇ ਸੱਤਾ ਕੇਂਦਰ ਕਰੈਮਲਿਨ (Kremlin) ਨੇ ਸੋਮਵਾਰ ਨੂੰ ਕਿਹਾ ਕਿ ਵੱਖ-ਵੱਖ ਮੁਲਕਾਂ ਦਾ ਸਮੂਹ ਬ੍ਰਿਕਸ (BRICS) ਹਰਗਿਜ਼ ਦੂਜੇ ਦੇਸ਼ਾਂ ਦੀ ਹੇਠੀ ਕਰਨ ਜਾਂ ਉਨ੍ਹਾਂ ਨੂੰ ਕਮਜ਼ੋਰ ਕਰਨ ਲਈ ਕੰਮ ਨਹੀਂ ਕਰ ਰਿਹਾ ਹੈ। ਰੂਸ ਦਾ ਇਸ ਸਮੂਹ ਬਾਰੇ ਇਹ ਐਲਾਨ ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ (U.S. President Donald Trump) ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਟਰੰਪ ਨੇ ਕਿਹਾ ਹੈ ਕਿ ਉਹ ‘ਅਮਰੀਕਾ ਵਿਰੋਧੀ ਨੀਤੀਆਂ" ਨਾਲ ਜੁੜੇ ਮੁਲਕਾਂ 'ਤੇ 10 ਫ਼ੀਸਦੀ ਟੈਰਿਫ ਲਗਾਉਣਗੇ।
ਟਰੰਪ ਨੇ ਇਹ ਟਿੱਪਣੀਆਂ ਐਤਵਾਰ ਨੂੰ ਬ੍ਰਾਜ਼ੀਲ ਵਿੱਚ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਪ੍ਰਤੀਕਰਮ ਵਜੋਂ ਕੀਤੀਆਂ। ਟਰੰਪ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ 'ਤੇ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ (Kremlin spokesman Dmitry Peskov) ਨੇ ਕਿਹਾ ਕਿ ਕਰੈਮਲਿਨ ਨੇ ਇਨ੍ਹਾਂ ਟਿੱਪਣੀਆਂ ਦਾ ਨੋਟਿਸ ਲਿਆ ਹੈ।
ਪੇਸਕੋਵ ਨੇ ਕਿਹਾ, "ਅਸੀਂ ਸੱਚਮੁੱਚ ਰਾਸ਼ਟਰਪਤੀ ਟਰੰਪ ਦੇ ਅਜਿਹੇ ਬਿਆਨ ਦੇਖੇ ਹਨ, ਪਰ ਇੱਥੇ ਇਹ ਨੋਟ ਕਰਨਾ ਬਹੁਤ ਜ਼ਰੂਰੀ ਹੈ ਕਿ ਬ੍ਰਿਕਸ ਵਰਗੇ ਸਮੂਹ ਦੀ ਵਿਲੱਖਣਤਾ ਇਹ ਹੈ ਕਿ ਇਹ ਦੇਸ਼ਾਂ ਦਾ ਸਮੂਹ ਹੈ ਜੋ ਸਾਂਝੇ ਦ੍ਰਿਸ਼ਟੀਕੋਣ ਅਤੇ ਆਪਣੇ ਹਿੱਤਾਂ ਦੇ ਅਧਾਰ 'ਤੇ ਸਹਿਯੋਗ ਕਰਨ ਦੇ ਤਰੀਕੇ 'ਤੇ ਇੱਕ ਸਾਂਝਾ ਵਿਸ਼ਵ ਦ੍ਰਿਸ਼ਟੀਕੋਣ ਬਣਾਉਂਦੇ ਹਨ।"
ਉਨ੍ਹਾਂ ਨਾਲ ਹੀ ਕਿਹਾ, "ਅਤੇ ਬ੍ਰਿਕਸ ਦੇ ਅੰਦਰ ਇਹ ਸਹਿਯੋਗ ਕਦੇ ਵੀ ਕਿਸੇ ਤੀਜੇ ਦੇਸ਼ ਦੇ ਵਿਰੁੱਧ ਨਹੀਂ ਰਿਹਾ ਹੈ ਅਤੇ ਨਾ ਹੀ ਕਦੇ ਹੋਵੇਗਾ"। ਗ਼ੌਰਤਲਬ ਹੈ ਕਿ ਰੂਸ ਵੀ ਭਾਰਤ, ਚੀਨ, ਬਰਾਜ਼ੀਲ ਤੇ ਦੱਖਣੀ ਅਫ਼ਰੀਕਾ ਸਣੇ ਬ੍ਰਿਕਸ ਦਾ ਇਕ ਮੋਢੀ ਮੈਂਬਰ ਹੈ। -ਰਾਇਟਰਜ਼