ਰੂਸ ਵੱਲੋਂ ਯੂਕਰੇਨ ’ਤੇ ਡਰੋਨ ਹਮਲੇ; ਦੋ ਹਲਾਕ; 17 ਜ਼ਖ਼ਮੀ
ਕੀਵ, 28 ਜੂਨ
ਰੂਸ ਵੱਲੋਂ ਯੂਕਰੇਨ ਦੇ ਓਦੇਸਾ ਵਿੱਚ ਡਰੋਨ ਹਮਲੇ ਕੀਤੇ ਗਏ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਓਦੇਸਾ ’ਤੇ ਰਾਤ ਭਰ ਰੂਸੀ ਡਰੋਨਾਂ ਵੱਲੋਂ ਹਮਲੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਰਿਹਾਇਸ਼ੀ ਟਾਵਰ ਬਲਾਕ ਵਿੱਚ ਡਰੋਨ ਹਮਲਾ ਕੀਤਾ ਗਿਆ, ਜਿਸ ਨਾਲ ਤਿੰਨ ਮੰਜ਼ਿਲਾ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਇੱਥੇ ਰਹਿੰਦੇ ਲੋਕ ਫਸ ਗਏ। ਖੇਤਰੀ ਗਵਰਨਰ ਓਲੇਹ ਕੀਪਰ ਅਨੁਸਾਰ ਇਸ ਹਮਲੇ ਵਿੱਚ ਮਾਰੇ ਗਏ ਦੋ ਜਣਿਆਂ ਵਿਚ ਵਿਆਹੁਤਾ ਜੋੜਾ ਸ਼ਾਮਲ ਹੈ ਤੇ ਇਸ ਹਮਲੇ ਵਿਚ ਤਿੰਨ ਬੱਚੇ ਜ਼ਖ਼ਮੀ ਹੋ ਗਏ। ਇਸ ਹਮਲੇ ਸਬੰਧੀ ਮਾਸਕੋ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਰੂਸ ਦੇ ਰੱਖਿਆ ਮੰਤਰਾਲੇ ਅਨੁਸਾਰ ਪੱਛਮੀ ਰੂਸ ਅਤੇ ਕਰੈਮਲਿਨ ਦੇ ਕਬਜ਼ੇ ਵਾਲੇ ਕਰੀਮੀਆ ’ਤੇ 40 ਤੋਂ ਵੱਧ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ। ਏਪੀ
ਪੂਤਿਨ ਵੱਲੋਂ ਪੱਛਮੀ ਦੇਸ਼ਾਂ ’ਤੇ ਰੂਸ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਦੇਸ਼ਾਂ ’ਤੇ ਰੂਸ ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੂਤਿਨ ਨੇ ਕਿਹਾ, ‘ਰੂਸ ਵਿਰੁੱਧ ਚੱਲਣ ਵਾਲੀ ਇਸਲਾਮਿਕ ਸਟੇਟ ਵੱਲ ਕੋਈ ਵੀ ਧਿਆਨ ਨਹੀਂ ਦੇਣਾ ਚਾਹੁੰਦਾ। ਰੂਸ ਵਿਚ ਅੱਜ ਵੀ ਧਮਾਕੇ ਹੋ ਰਹੇ ਹਨ। ਜਦ ਵੀ ਕੋਈ ਦੇਸ਼ ਰੂਸ ਖ਼ਿਲਾਫ਼ ਚੱਲਦਾ ਤਾਂ ਸਭ ਨੂੰ ਇਹ ਠੀਕ ਲਗਦਾ ਹੈ।’ ਰੂਸ ਦੇ ਰਾਸ਼ਟਰਪਤੀ ਦੀਆਂ ਇਹ ਟਿੱਪਣੀਆਂ ਰੂਸ ਦੀ ਯੂਕਰੇਨ ਨਾਲ ਜੰਗ ਤੇ ਰੂਸ ਦੇ ਪੱਛਮੀ ਦੇਸ਼ਾਂ ਨਾਲ ਚਲ ਰਹੇ ਤਣਾਅ ਦੇ ਮੱਦੇਨਜ਼ਰ ਆਈਆਂ ਹਨ।