ਸ਼ਨਿੱਚਰਵਾਰ ਰਾਤ ਨੂੰ ਪਿੰਡ ਸ਼ੇਖਪੁਰਾ ਵਿਚ ਵਾਪਰੀ ਘਟਨਾ
ਪਟਨਾ, 13 ਜੁਲਾਈ
ਪਟਨਾ ਦੇ ਪਿਪਰਾ ਇਲਾਕੇ ਵਿੱਚ ਸ਼ਨਿੱਚਰਵਾਰ ਦੇਰ ਰਾਤ ਪੇਂਡੂ ਸਿਹਤ ਅਧਿਕਾਰੀ ਦੀ ਕਥਿਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀੜਤ ਦੀ ਪਛਾਣ ਸੁਰਿੰਦਰ ਕੁਮਾਰ (50) ਵਜੋਂ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸ਼ਨਿੱਚਰਵਾਰ ਰਾਤ ਨੂੰ ਸ਼ੇਖਪੁਰਾ ਪਿੰਡ ਵਿੱਚ ਉਸ ਵੇਲੇ ਵਾਪਰੀ ਜਦੋਂ ਕੁਮਾਰ ਇੱਕ ਖੇਤ ਵਿੱਚ ਕੰਮ ਕਰ ਰਿਹਾ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਖੇਤ ਵਿੱਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਜਦੋਂ ਉਹ ਉੱਥੇ ਗਏ ਤਾਂ ਅਧਿਕਾਰੀ ਗੋਲੀਆਂ ਦੇ ਜ਼ਖ਼ਮਾਂ ਨਾਲ ਬੇਹੋਸ਼ ਪਿਆ ਸੀ। ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ (ਐਸਡੀਪੀਓ-2) ਮਸੌਰੀ, ਕਨ੍ਹਈਆ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਘਟਨਾ ਪਿਛਲੇ ਹਫ਼ਤੇ ਪਟਨਾ ਵਿਚ ਲੜੀਵਾਰ ਕਤਲਾਂ ਤੋਂ ਬਾਅਦ ਸਾਹਮਣੇ ਆਈ ਹੈ। ਪਿਛਲੇ ਦਿਨੀਂ (4 ਜੁਲਾਈ ਨੂੰ) ਪਟਨਾ ਵਿੱਚ ਉਦਯੋਗਪਤੀ ਗੋਪਾਲ ਖੇਮਕਾ ਦੀ ਹੱਤਿਆ ਤੋਂ ਇੱਕ ਹਫ਼ਤੇ ਬਾਅਦ 10 ਜੁਲਾਈ ਨੂੰ ਪਟਨਾ ਦੇ ਰਾਣੀਤਲਾਬ ਖੇਤਰ ਵਿੱਚ ਰੇਤ ਦੀ ਖੁਦਾਈ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 11 ਜੁਲਾਈ ਨੂੰ ਪਟਨਾ ਦੇ ਰਾਮਕ੍ਰਿਸ਼ਨ ਨਗਰ ਇਲਾਕੇ ਵਿੱਚ ਅਣਪਛਾਤੇ ਵਿਅਕਤੀ ਨੇ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ