ਆਰਐੱਸਐੱਸ ਨੇ ‘ਭਾਰਤ ਛੱਡੋ ਅੰਦੋਲਨ’ ਦਾ ਵਿਰੋਧ ਕੀਤਾ ਸੀ: ਕਾਂਗਰਸ
ਕਾਂਗਰਸ ਨੇ ਅੱਜ ਭਾਰਤ ਛੱਡੋ ਅੰਦੋਲਨ ’ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਯਾਦ ਕੀਤਾ। ਭਾਰਤ ਛੱਡੋ ਅੰਦੋਲਨ ਦੀ 83ਵੀਂ ਵਰ੍ਹੇਗੰਢ ’ਤੇ ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਸਮੇਂ ਕਾਂਗਰਸ ਲੀਡਰਸ਼ਿਪ ਜੇਲ੍ਹਾਂ ਅੰਦਰ ਬੰਦ ਸੀ ਜਦਕਿ ਆਰਐੱਸਐੱਸ ਨੇ ਅੰਦੋਲਨ ਦਾ ਵਿਰੋਧ ਕੀਤਾ ਸੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘1942 ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ‘ਕਰੋ ਜਾਂ ਮਰੋ’ ਦੇ ਨਾਅਰੇ ਨਾਲ ਬਰਤਾਨਵੀ ਸ਼ਾਸਨ ਖ਼ਿਲਾਫ਼ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਜਿਸ ਨੇ ਆਜ਼ਾਦੀ ਸੰਘਰਸ਼ ਨੂੰ ਨਵਾਂ ਜੋਸ਼ ਦਿੱਤਾ।’ ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਹੇਠ ਅਣਗਿਣਤ ਭਾਰਤੀ ਭਾਰਤ ਛੱਡੋ ਅੰਦੋਲਨ ਦੌਰਾਨ ਸੜਕਾਂ ’ਤੇ ਉਤਰੇ ਅਤੇ ਇਸ ਯਾਦਗਾਰੀ ਇਤਿਹਾਸ ਦੀ ਗਾਥਾ ਲਿਖੀ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 8 ਅਗਸਤ 1942 ਦੀ ਦੇਰ ਰਾਤ ਆਲ ਇੰਡੀਆ ਕਾਂਗਰਸ ਕਮੇਟੀ ਨੇ ਇਤਿਹਾਸਕ ਭਾਰਤ ਛੱਡੋ ਮਤਾ ਪਾਸ ਕੀਤਾ। ਇਸ ਮਗਰੋਂ ਮਹਾਤਮਾ ਗਾਂਧੀ ਨੇ ਆਪਣਾ ਇਤਿਹਾਸਕ ‘ਕਰੋ ਜਾਂ ਮਰੋ’ ਦਾ ਨਾਅਰਾ ਦਿੰਦਿਆਂ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ 9 ਅਗਸਤ 1942 ਨੂੰ ਕਾਂਗਰਸ ਦੀ ਲੀਡਰਸ਼ਿਪ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ। ਗਾਂਧੀ ਜੀ ਨੂੰ 6 ਮਈ 1944 ਅਤੇ ਨਹਿਰੂ, ਪਟੇਲ, ਆਜ਼ਾਦ, ਪੰਤ ਤੇ ਹੋਰਾਂ ਨੂੰ 28 ਮਾਰਚ 1945 ਤੱਕ ਜੇਲ੍ਹਾਂ ਅੰਦਰ ਬੰਦ ਰੱਖਿਆ ਗਿਆ।