ਆਰਐੱਸਐੱਸ ਮੁਖੀ ਵੱਲੋਂ ਵਧੀਆ ਸਿਹਤ ਸੇਵਾਵਾਂ ਤੇ ਕਿਫਾਇਤੀ ਸਿੱਖਿਆ ਦੀ ਵਕਾਲਤ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਵਧੀਆ ਸਿਹਤ ਸੰਭਾਲ ਸੇਵਾਵਾਂ ਅਤੇ ਕਿਫਾਇਤੀ ਸਿੱਖਿਆ ਦੀ ਸਾਰਿਆਂ ਤੱਕ ਪਹੁੰਚ ਸਮੇਂ ਦੀ ਲੋੜ ਹੈ ਕਿਉਂਕਿ ਮੌਜੂਦਾ ਸਮੇਂ ਦੋਵੇਂ ਹੀ ਆਮ ਨਾਗਰਿਕਾਂ ਦੀ ਪਹੁੰਚ ਅਤੇ ਵਿੱਤੀ ਸਮਰੱਥਾ ਤੋਂ ਬਾਹਰ ਹਨ।
ਭਾਗਵਤ ਨੇ ਦੇਸ਼ ਵਿੱਚ ਇਲਾਜ ਅਤੇ ਸਿੱਖਿਆ ਦੇ ਵਪਾਰੀਕਰਨ ’ਤੇ ਚਿੰਤਾ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਦੋਵਾਂ ਅਹਿਮ ਖੇਤਰਾਂ ’ਚ ਆਮ ਲੋਕਾਂ ਨੂੰ ‘ਆਸਾਨ, ਪਹੁੰਚਯੋਗ ਤੇ ਕਿਫਾਇਤੀ’’ ਸਹੂਲਤਾਂ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਮੋਹਨ ਭਾਗਵਤ ਨੇ Guruji Seva Nyas ਵੱਲੋਂ ਕੈਂਸਰ ਦੇ ਇਲਾਜ ਲਈ ਸਥਾਪਤ Madhav Srishti Arogya Kendra ਦੇ ਉਦਘਾਟਨ ਮਗਰੋਂ ਆਖਿਆ, ‘‘ਕਾਰਪੋਰੇਟ-ਸਮਾਜਿਕ ਜ਼ਿੰਮੇਵਾਰੀ corporate social responsibility (CSR) ਦੀ ਬਜਾਏ ‘ਧਰਮ’ ਉੱਤੇ ਜ਼ੋਰ ਦੇਣ ਲੋੜ ਹੈ ਜੋ ਸਮਾਜ ਨੂੰ ਇੱਕਜੁਟ ਅਤੇ ਉਸ ਦਾ ਵਿਕਾਸ ਕਰਦਾ ਹੈ।’’
ਆਰਐੱਸਐੱਸ ਮੁਖੀ ਨੇ ਆਖਿਆ, ‘‘ਅੱਜ ਸਮਾਜ ਦੇ ਹਰ ਵਿਅਕਤੀ ਲਈ ਚੰਗੀਆਂ ਸਿਹਤ ਸੇਵਾਵਾਂ ਤੇ ਸਿੱਖਿਆ ਸਹੁੂਲਤਾਂ ਜ਼ਰੂਰੀ ਹਨ ਪਰ ਬਦਕਿਸਮਤੀ ਨਾਲ ਦੋਵਾਂ ਖੇਤਰਾਂ ’ਚ ਗੁਣਵੱਤਾ ਭਰਪੂਰ ਸੇਵਾਵਾਂ ਆਮ ਆਦਮੀ ਦੀ ਪਹੁੰਚ ਤੇ ਵਿੱਤੀ ਸਮਰੱਥਾ ਤੋਂ ਬਾਹਰ ਹਨ। ਉਨ੍ਹਾਂ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਪਹਿਲਾਂ ਸਿਹਤ ਤੇ ਸਿੱਖਿਆ ਖੇਤਰਾਂ ’ਚ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਂਦਾ ਸੀ ਪਰ ਹੁਣ ਇਨ੍ਹਾਂ ਦਾ ਵਪਾਰੀਕਰਨ ਹੋ ਗਿਆ ਹੈ। ਸੰਘ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਇਲਾਜ ਤੇ ਸਿੱਖਿਆ ਖੇਤਰਾਂ ’ਚ ਸੁਖਾਲੀਆਂ, ਸਸਤੀਆਂ ਤੇ ਸੁਹਿਰਦਤਾ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਮੰਗ ਹਨ। ਭਾਗਵਤ ਨੇ ਦੇਸ਼ ’ਚ ਕੈਂਸਰ ਦੇ ਮਹਿੰਗੇ ਇਲਾਜ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਆਖਿਆ, ‘‘ਕੈਂਸਰ ਦੇ ਇਲਾਜ ਲਈ ਵਧੀਆ ਸਹੂਲਤਾਂ ਸਿਰਫ ਅੱਠ-ਦਸ ਸ਼ਹਿਰਾਂ ’ਚ ਹੀ ਮੌਜੂਦ ਹਨ, ਜਿੱਥੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਪੈਸੇ ਖਰਚ ਕੇ ਜਾਣਾ ਪੈਂਦਾ ਹੈ।’’