ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਪੈਕੇਜ ਐਮਰਜੈਂਸੀ ਕੰਮ ਚਲਾਉਣ ਲਈ ਸਿਰਫ਼ ਟੋਕਨ ਮਨੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮਾਂ ਵੱਲੋਂ ਰਾਜ ਵਿਚ ਹੋਏ ਨੁਕਸਾਨ ਦੇ ਇਕੱਠੇ ਕੀਤੇ ਜਾ ਰਹੇ ਵੇਰਵਿਆਂ ਮਗਰੋਂ ਕੇਂਦਰ ਵੱਲੋਂ ਘਰਾਂ, ਫ਼ਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਲਈ ਸੌ ਫ਼ੀਸਦੀ ਹੋਰ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਹ ਅੱਜ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਦਰਿਆਵਾਂ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਉਹ ਖ਼ੁਦ ਵੀ ਜਾਇਜ਼ਾ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਚਾਰ-ਪੰਜ ਜ਼ਿਲ੍ਹਿਆਂ ਵਿਚ ਬਹੁਤ ਨੁਕਸਾਨ ਹੋਇਆ ਹੈ ਅਤੇ ਘੱਗਰ ਨੇ ਵੀ ਕੁੱਝ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਕਿਹਾ ਹੈ ਕਿ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਹੁਣ ਪਾਣੀ ਉਤਰਨ ਮਗਰੋਂ ਸਾਰੇ ਨੁਕਸਾਨ ਦਾ ਪਤਾ ਲੱਗੇਗਾ ਅਤੇ ਇਸ ਦੀ ਕੇਂਦਰ ਵੱਲੋਂ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਐੱਨ ਡੀ ਆਰ ਐੱਫ਼ ਅਤੇ ਹੋਰ ਟੀਮਾਂ ਨੂੰ ਕਹਿ ਦਿੱਤਾ ਹੈ ਕਿ ਆਫ਼ਤ ਪ੍ਰਬੰਧਨ ਲਈ ਕਿਸੇ ਵੀ ਹੋਰ ਸਮੱਗਰੀ ਦੀ ਲੋੜ ਹੋਵੇ ਤਾਂ ਉਹ ਖ੍ਰੀਦਿਆ ਜਾ ਸਕਦਾ ਹੈ ਤੇ ਇਸ ਲਈ ਕੇਂਦਰ ਪੂਰੀ ਸਹਾਇਤਾ ਦੇਵੇਗੀ।