Rs 10 lakh compensation for kin of deceased: ਭਗਦੜ ਮਾਮਲਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ
ਨਵੀਂ ਦਿੱਲੀ, 16 ਫਰਵਰੀ
ਭਾਰਤੀ ਰੇਲਵੇ ਅਨੁਸਾਰ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਵਿਚ ਜਾਨਾਂ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਘਟਨਾ ਵਿਚ ਗੰਭੀਰ ਜ਼ਖ਼ਮੀਆਂ ਨੂੰ 2.5 ਲੱਖ ਰੁਪਏ ਹਰੇਕ ਅਤੇ ਮਾਮੂਲੀ ਜ਼ਖ਼ਮੀਆਂ ਨੂੰ ਲੱਖ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਭਗਦੜ ਮਚਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਤੇ 20 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਪਲੇਟਫਾਰਮ ਨੰਬਰ 13 ਤੇ 14 ’ਤੇ ਹੋਇਆ। ਇਹ ਯਾਤਰੀ ਪ੍ਰਯਾਗਰਾਜ ਵਿਚ ਮਹਾਕੁੰਭ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਤਿੰਨ ਰੇਲ ਗੱਡੀਆਂ ਆਉਣੀਟਾਂ ਸਨ ਜਿਨ੍ਹਾਂ ਵਿਚੋਂ ਦੋ ਰੇਲ ਗੱਡੀਆਂ ਦੇ ਲੇਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਇਹ ਜਾਣਕਾਰੀ ਮਿਲੀ ਹੈ ਕਿ ਲੋੜ ਤੋਂ ਜ਼ਿਆਦਾ ਲੋਕ ਇਕੱਠੇ ਹੋਣ ਕਾਰਨ ਕਈ ਜਣਿਆਂ ਨੂੰ ਸਾਹ ਲੈਣ ਦੀ ਸਮੱਸਿਆ ਆਈ। ਇਸ ਤੋਂ ਬਾਅਦ ਪਲੇਟਫਾਰਮ ਨੰਬਰ 14 ’ਤੇ ਆਉਣ ਵਾਲੀ ਰੇਲ ਗੱਡੀ ਦੀ ਪਲੇਟਫਾਰਮ ਨੰਬਰ 16 ’ਤੇ ਆਉਣ ਦੀ ਅਨਾਊਂਸਮੈਂਟ ਹੋਈ ਤਾਂ ਲੋਕ ਇਕ ਦੂਜੇ ਨੂੰ ਧੱਕੇ ਦਿੰਦੇ ਹੋਏ ਪਲੇਟਫਾਰਮ ਨੰਬਰ 16 ਵੱਲ ਜਾਣ ਲੱਗੇ ਤਾਂ ਕਈ ਜਣੇ ਹੇਠਾਂ ਡਿੱਗ ਗਏ।