ਤਲਾਕ ਪਿੱਛੋਂ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਡਾਕਾ ਮਾਰਨ ਵਾਲਾ ਦੋ ਸਾਥੀਆਂ ਸਣੇ ਗ੍ਰਿਫ਼ਤਾਰ
ਨਵੀਂ ਦਿੱਲੀ , 7 ਅਪਰੈਲ
ਇੱਥੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਨੇ ਬੰਦੂਕ ਦੀ ਨੋਕ ’ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਕੋਲ ਤਲਾਕ ਤੋਂ ਬਾਅਦ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੇ ਪੈਸੇ ਨਹੀਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਦਿੱਲੀ ਦੇ ਪੀਤਮਪੁਰਾ ਖੇਤਰ ’ਚ ਇਕ ਬਜ਼ੁਰਗ ਨੂੰ ਬੰਦੂਕ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼ ਕੀਤੀ।
ਦਿੱਲੀ ਪੁਲੀਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ਵਿਚ ਵਰਤੇ ਗਏ ਹਥਿਆਰ ਤੇ ਸਾਮਾਨ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 31 ਮਾਰਚ ਨੂੰ ਪੁਲੀਸ ਸਟੇਸ਼ਨ ਮੌਰੀਆ ਐਨਕਲੇਵ ਵਿਚ ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਨੂੰ ਘੇਰੇ ਜਾਣ ਸਬੰਧੀ ਸੂਚਨਾ ਮਿਲੀ ਸੀ। ਸ਼ਿਕਾਇਤਕਰਤਾ ਕਮਲੇਸ਼ ਅਰੋੜਾ, ਪਤਨੀ ਹੇਮੰਤ ਕੁਮਾਰ ਤੇ ਵਾਸੀ ਪੀਤਮਪੁਰਾ ਨੇ ਪੁਲੀਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਸੀ।
ਬੀਬੀ ਕਮਲੇਸ਼ ਅਰੋੜਾ ਨੇ ਦੱਸਿਆ, "ਕੂਰੀਅਰ ਦੇਣ ਦੇ ਬਹਾਨੇ ਇਕ ਵਿਅਕਤੀ ਘਰ ਅੰਦਰ ਦਾਖਲ ਹੋਇਆ। ਉਸ ਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਲਦੀ ਹੀ ਹਥਿਆਰ ਨਾਲ ਲੈਸ ਇਕ ਹੋਰ ਆਦਮੀ ਅੰਦਰ ਆ ਗਿਆ। ਪਰ ਉਨ੍ਹਾਂ ਦੀ ਧੀ ਵੱਲੋਂ ਦਿਖਾਈ ਗਈ ਮੁਸਤੈਦੀ ਕਾਰਨ ਉਹ ਉਨ੍ਹਾਂ ਨੂੰ ਛੱਡ ਕੇ ਫਰਾਰ ਹੋ ਗਏ।’’
ਸ਼ਿਕਾਇਤ ਮਿਲ ਤੋਂ ਬਾਅਦ ਪੁਲੀਸ ਟੀਮ ਨੇ ਪੰਕਜ (25), ਵਾਸੀ ਬੁੱਧ ਵਿਹਾਰ ਫੇਜ਼-1 ਅਤੇ ਰਾਮਾ ਸਵਾਮੀ (28), ਮੰਗੋਲਪੁਰੀ ਨੂੰ ਸ਼ੱਕੀਆਂ ਵਜੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਪੰਕਜ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਤਲਾਕ ਤੋਂ ਬਾਅਦ ਗੁਜ਼ਾਰਾ ਭੱਤਾ ਦੇਣ ਲਈ ਪੈਸੇ ਇਕੱਠੇ ਕਰਨ ਵਾਸਤੇ ਇਹ ਅਪਰਾਧ ਕੀਤਾ ਸੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। (ANI)