ਘੁਸਪੈਠੀਆਂ ਪ੍ਰਤੀ ਆਰ ਜੇ ਡੀ-ਕਾਂਗਰਸ ਦਾ ਰੁਖ਼ ਨਰਮ: ਮੋਦੀ
ਵਿਰੋਧੀ ਪਾਰਟੀਆਂ ’ਤੇ ਭਗਵਾਨ ਰਾਮ ਨੂੰ ਨਾਪਸੰਦ ਕਰਨ ਦਾ ਦੋਸ਼ ਲਗਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿੱਚ ਵਿਰੋਧੀ ਪਾਰਟੀਆਂ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਗੱਠਜੋੜ ’ਤੇ ਵੋਟ ਬੈਂਕ ਦੀ ਰਾਜਨੀਤੀ ਕਰ ਕੇ ਘੁਸਪੈਠੀਆਂ ਪ੍ਰਤੀ ਨਰਮ ਰੁਖ਼ ਰੱਖਣ ਪਰ ਭਗਵਾਨ ਰਾਮ ਅਤੇ ‘ਛਠੀ ਮਈਆ’ ਨੂੰ ਨਾਪਸੰਦ ਕਰਨ ਦਾ ਦੋਸ਼ ਲਗਾਇਆ ਹੈ।
ਭਾਗਲਪੁਰ ਅਤੇ ਅਰੱਰੀਆ ਜ਼ਿਲ੍ਹਿਆਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਗਾਇਆ ਕਿ ਵਿਰੋਧੀ ਆਗੂਆਂ ਦਾ ਨਿਸ਼ਾਦ ਰਾਜ, ਮਾਤਾ ਸ਼ਬਰੀ ਅਤੇ ਮਹਾਰਿਸ਼ੀ ਵਾਲਮੀਕਿ ਨੂੰ ਸਮਰਪਿਤ ਅਸਥਾਨਾਂ ਦੇ ਦਰਸ਼ਨਾਂ ਲਈ ਅਯੁੱਧਿਆ ਨਾ ਜਾਣਾ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਪ੍ਰਤੀ ਉਨ੍ਹਾਂ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘15 ਸਾਲਾਂ ਦੇ ਜੰਗਲ ਰਾਜ ਦੌਰਾਨ ਬਿਹਾਰ ਵਿੱਚ ਜ਼ੀਰੋ ਵਿਕਾਸ ਹੋਇਆ। ਕੋਈ ਸ਼ਾਹਰਾਹ ਅਤੇ ਪੁਲ ਨਹੀਂ ਬਣਾਏ ਗਏ, ਨਾ ਹੀ ਉੱਚ ਸਿੱਖਿਆ ਦੇ ਕੋਈ ਕੇਂਦਰ ਸਥਾਪਤ ਕੀਤੇ ਗਏ। ਹਾਲਾਂਕਿ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ ਨੇ ਸੂਬੇ ਨੂੰ ਉਸ ਦੌਰ ਵਿੱਚੋਂ ਬਾਹਰ ਕੱਢਣ ਲਈ ਕਾਫੀ ਮਿਹਨਤ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਵਿਕਾਸ ਦੇ ਸਫ਼ਰ ਵਿੱਚ ਐੱਨ ਡੀ ਏ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਘੁਸਪੈਠ ਦਾ ਖ਼ਤਰਾ ਹੈ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ‘ਵੋਟਰ ਅਧਿਕਾਰ ਯਾਤਰਾ’ ਅਤੇ ‘ਵੋਟ ਚੋਰੀ’ ਦੇ ਦੋਸ਼ਾਂ ਦਾ ਅਸਿੱਧੇ ਤੌਰ ’ਤੇ ਹਵਾਲਾ ਦਿੰਦੇ ਹੋਏ ਦੋਸ਼ ਲਾਇਆ, ‘‘ਐੱਨ ਡੀ ਏ ਦੇਸ਼ ਵਿੱਚੋਂ ਹਰੇਕ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਵਚਨਬੱਧ ਹੈ ਪਰ ਕਾਂਗਰਸ-ਆਰ ਜੇ ਡੀ ਉਨ੍ਹਾਂ ਨੂੰ ਸੁਰੱਖਿਆ ਦਿੰਦੀਆਂ ਹਨ।’’
ਲੋਕ ਭੁਗਤਦੇ ਨੇ ਗ਼ਲਤੀਆਂ ਦਾ ਖ਼ਮਿਆਜ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਜਦੋਂ ਵੀ ਆਰ ਜੇ ਡੀ-ਕਾਂਗਰਸ ਸੱਤਾ ਪ੍ਰਾਪਤ ਕਰਦੀਆਂ ਹਨ, ਉਹ ਘੁਸਪੈਠੀਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਅਜਿਹਾ ਵੋਟ ਬੈਂਕ ਦੀ ਰਾਜਨੀਤੀ ਕਾਰਨ ਕਰਦੀਆਂ ਹਨ ਪਰ ਇਸ ਦਾ ਖਮਿਆਜ਼ਾ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।’’

