DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਤੇ ਸਤਲੁਜ ਦੇ ਬੰਨ੍ਹਾਂ ’ਚ ਪਾੜ ਪੈਣ ਦਾ ਖ਼ਤਰਾ

ਸਤਲੁਜ ’ਚ ਪਾਣੀ ਘਟਾਇਆ; ਹਰਿਆਣਾ ’ਚੋਂ ਆ ਰਹੇ ਪਾਣੀ ਕਾਰਨ ਘੱਗਰ ਦਾ ਪੱਧਰ ਵਧਿਆ
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਸਰਾਲੀ ਵਿੱਚ ਸਲਤੁਜ ਦੇ ਕੰਢੇ ਮਜ਼ਬੂਤ ਕਰਨ ’ਚ ਜੁਟੇ ਹੋਏ ਫੌਜੀ ਤੇ ਪਿੰਡਾਂ ਦੇ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੰਜਾਬ ’ਚ ਹੁਣ ਘੱਗਰ ਤੇ ਸਤਲੁਜ ਦੇ ਬੰਨ੍ਹ ਟੁੱਟਣ ਦਾ ਖ਼ਤਰਾ ਹੈ। ਬੇਸ਼ੱਕ ਅੱਜ ਭਾਖੜਾ ਡੈਮ ’ਚੋਂ ਪਾਣੀ ਘਟਾਉਣ ਨਾਲ ਸਤਲੁਜ ਦਰਿਆ ਦੇ ਕਰੀਬ ਅੱਧੀ ਦਰਜਨ ਬੰਨ੍ਹਾਂ ਦੇ ਟੁੱਟਣ ਦੇ ਖ਼ਤਰੇ ਨੂੰ ਟਾਲਿਆ ਜਾ ਸਕਿਆ ਹੈ ਪਰ ਇਨ੍ਹਾਂ ਬੰਨ੍ਹਾਂ ’ਤੇ ਚੌਕਸੀ ਬਣੀ ਹੋਈ ਹੈ। ਦੂਜੇ ਪਾਸੇ ਘੱਗਰ ਦਰਿਆ ਦੇ ਪਾਣੀ ਨੇ ਫ਼ਸਲਾਂ ਨੂੰ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਲ ਸਰੋਤ ਵਿਭਾਗ ਨੇ ਘੱਗਰ ’ਤੇ ਜਿੱਥੇ ਮੁਲਾਜ਼ਮਾਂ ਨੂੰ ਦਿਨ ਰਾਤ ਲਈ ਤਾਇਨਾਤ ਕੀਤਾ ਹੈ, ਉੱਥੇ ਆਮ ਲੋਕ ਵੀ ਬੰਨ੍ਹਾਂ ’ਤੇ ਪਹਿਰਾ ਦੇ ਰਹੇ ਹਨ। ਘੱਗਰ ਤੇ ਸਤਲੁਜ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਸਤਲੁਜ ਦਰਿਆ ’ਚ ਅੱਜ 70 ਹਜ਼ਾਰ ਕਿਊਸਕ ਪਾਣੀ ਭਾਖੜਾ ਡੈਮ ’ਚੋਂ ਛੱਡਿਆ ਜਾ ਰਿਹਾ ਸੀ।

ਅੱਜ ਲੁਧਿਆਣਾ ਦੇ ਪਿੰਡ ਸਸਰਾਲੀ ਨੇੜਲੇ ਬੰਨ੍ਹ ਲਈ ਖ਼ਤਰਾ ਬਣ ਗਿਆ ਤਾਂ ਫ਼ੌਰੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੀਬੀਐੱਮਬੀ ਨਾਲ ਸੰਪਰਕ ਕੀਤਾ। ਭਾਖੜਾ ਡੈਮ ਤੋਂ 85 ਹਜ਼ਾਰ ’ਚੋਂ ਫ਼ੌਰੀ 15 ਹਜ਼ਾਰ ਕਿਊਸਕ ਪਾਣੀ ਘਟਾ ਦਿੱਤਾ ਗਿਆ। ਸਤਲੁਜ ਦਰਿਆ ’ਤੇ ਚਮਕੌਰ ਸਾਹਿਬ ਖੇਤਰ ਦੇ ਦੋ ਬੰਨ੍ਹ, ਨਵਾਂ ਸ਼ਹਿਰ ਜ਼ਿਲ੍ਹੇ ਵਿਚਲੇ ਦੋ ਬੰਨ੍ਹ ਅਤੇ ਜ਼ਿਲ੍ਹਾ ਲੁਧਿਆਣਾ ਵਿਚਲੇ ਤਿੰਨ ਬੰਨ੍ਹ ਖ਼ਤਰੇ ਦੀ ਘੰਟੀ ਹਨ ਜਿਨ੍ਹਾਂ ਨੂੰ ਲੋਕਾਂ ਨੇ ਹਾਲੇ ਤੱਕ ਠੱਲ੍ਹ ਪਾਈ ਹੋਈ ਹੈ। ਲੁਧਿਆਣਾ ਦੇ ਪਿੰਡ ਸਸਰਾਲੀ ਨੇੜਲੇ ਧੁੱਸੀ ਬੰਨ੍ਹ ਤੋਂ 500 ਮੀਟਰ ਦੂਰੀ ’ਤੇ ਅਸਥਾਈ ਰਿੰਗ ਬੰਨ੍ਹ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਇੱਥੇ ਨਜ਼ਰ ਰੱਖ ਰਹੇ ਹਨ।

Advertisement

ਜ਼ਿਲ੍ਹਾ ਰੋਪੜ ’ਚ ਸਤਲੁਜ ਦਰਿਆ ਦੇ ਬੰਨ੍ਹਾਂ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੰਮ ਕਰ ਰਹੇ ਹਨ। ਭਾਰਤੀ ਫ਼ੌਜ, ਐੱਨ ਡੀ ਆਰ ਐੱਫ, ਪੰਜਾਬ ਪੁਲੀਸ ਅਤੇ ਆਮ ਲੋਕਾਂ ਦੀਆਂ ਟੀਮਾਂ ਸਤਲੁਜ ਦੇ ਨੇੜਲੇ ਖੇਤਰਾਂ ’ਚ ਤਾਇਨਾਤ ਹਨ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਘੱਟ ਕੇ ਹੁਣ 1678.46 ਫੁੱਟ ਰਹਿ ਗਿਆ ਹੈ ਅਤੇ ਇਸ ਡੈਮ ’ਚ ਪਾਣੀ ਦੀ ਆਮਦ ਵੀ ਘੱਟ ਕੇ 70 ਹਜ਼ਾਰ ਕਿਊਸਕ ਰਹਿ ਗਈ ਹੈ। ਪੌਂਗ ਡੈਮ ’ਚ ਪੁਰਾਣੀ ਸਥਿਤੀ ਹੀ ਬਰਕਰਾਰ ਹੈ। ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਚੋਂ ਪਾਣੀ ਥੋੜ੍ਹਾ ਘਟਿਆ ਹੈ।

ਹਿਮਾਚਲ ਪ੍ਰਦੇਸ਼ ’ਚ ਅੱਜ ਮੁੜ ਬਾਰਸ਼ ਪੈਣ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਖੌਫ਼ਜ਼ਦਾ ਕਰ ਦਿੱਤਾ ਹੈ। ਪਹਾੜਾਂ ’ਚੋਂ ਘੱਗਰ ’ਚ ਪਾਣੀ ਆਉਣਾ ਘਟਿਆ ਹੋਇਆ ਹੈ ਪਰ ਹਰਿਆਣਾ ’ਚੋਂ ਟਾਂਗਰੀ ਅਤੇ ਮਾਰਕੰਡਾ ਰਾਹੀਂ ਆ ਰਹੇ ਪਾਣੀ ਕਾਰਨ ਘੱਗਰ ਨੂੰ ਸਾਹ ਨਹੀਂ ਆ ਰਿਹਾ ਹੈ। ਜੇ ਸਥਾਨਕ ਪੱਧਰ ’ਤੇ ਮੀਂਹ ਨਾ ਪਏ ਤਾਂ ਸਥਿਤੀ ਕੰਟਰੋਲ ਹੇਠ ਰਹਿ ਸਕਦੀ ਹੈ। ਘਨੌਰ ਇਲਾਕੇ ਦੇ ਖੇਤਾਂ ’ਚ ਪਾਣੀ ਭਰ ਗਿਆ ਹੈ ਅਤੇ ਜ਼ਿਲ੍ਹਾ ਪਟਿਆਲਾ ਦੇ ਦਰਜਨਾਂ ਪਿੰਡਾਂ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਖਨੌਰੀ ’ਚ ਪਾਣੀ ਦਾ ਪੱਧਰ ਵਧਿਆ ਹੈ। ਸੰਗਰੂਰ, ਪਟਿਆਲਾ ਅਤੇ ਮਾਨਸਾ ਜ਼ਿਲ੍ਹਾ ਅਲਰਟ ’ਤੇ ਹੈ। ਘੱਗਰ ’ਤੇ ਵੀ ਸੰਵੇਦਨਸ਼ੀਲ ਪੁਆਇੰਟਾਂ ’ਤੇ ਫੌਜ, ਐੱਨ ਡੀ ਆਰ ਐੱਫ ਅਤੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਕਿਹਾ ਕਿ ਘੱਗਰ ਹਾਲੇ ਕੰਟਰੋਲ ਹੇਠ ਹੈ ਅਤੇ ਹਾਲੇ ਪਾੜ ਨਹੀਂ ਪਿਆ ਹੈ। ਸਰਦੂਲਗੜ੍ਹ ਨੇੜੇ ਘੱਗਰ ’ਚ ਸਰਹਿੰਦ ਚੋਅ ਅਤੇ ਇੱਕ ਹੋਰ ਬਰਸਾਤੀ ਨਾਲੇ ਦਾ ਪਾਣੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਸਰਦੂਲਗੜ੍ਹ ਕੋਲ ਘੱਗਰ ’ਚ ਹੁਣ ਪਾਣੀ ਵੱਧ ਕੇ 42,110 ਕਿਊਸਕ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ’ਚ ਕੱਲ੍ਹ ਜ਼ੋਰਦਾਰ ਮੀਂਹ ਪਿਆ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਘੱਗਰ ਦੀ ਸਥਿਤੀ ਦਾ ਅੱਜ ਮੁੜ ਜਾਇਜ਼ਾ ਲਿਆ।

ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ’ਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਕੌਮਾਂਤਰੀ ਸੀਮਾ ਦੇ ਖੇਤਰ ’ਚ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਲੋਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ। ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਈ ਹੈ। ਹਰੀਕੇ ਕੋਲ ਅੱਜ 2.70 ਲੱਖ ਕਿਊਸਕ ਅਤੇ ਹੁਸੈਨੀਵਾਲਾ ਕੋਲ 2.89 ਲੱਖ ਕਿਊਸਕ ਪਾਣੀ ਵਹਿ ਰਿਹਾ ਹੈ। ਇਨ੍ਹਾਂ ਥਾਵਾਂ ’ਤੇ ਪਾਣੀ ਆਉਣਾ ਥੋੜ੍ਹਾ ਘਟਿਆ ਹੈ ਜੋ ਕਿ ਪਹਿਲਾਂ ਤਿੰਨ ਲੱਖ ਕਿਊਸਕ ਤੋਂ ਜ਼ਿਆਦਾ ਸੀ। ਇਸੇ ਦੌਰਾਨ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਮਾਰੇ ਖੇਤਰਾਂ ’ਚ ਲੋਕਾਂ ਦੀ ਮਦਦ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਹੜ੍ਹਾਂ ਨਾਲ 1948 ਪਿੰਡ ਹੋਏ ਪ੍ਰਭਾਵਿਤ

ਪੰਜਾਬ ’ਚ ਹੜ੍ਹਾਂ ਦੀ ਲਪੇਟ ’ਚ ਹੁਣ ਤੱਕ 1948 ਪਿੰਡ ਆ ਗਏ ਹਨ ਅਤੇ 3.84 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਸਰਕਾਰੀ ਬੁਲਾਰੇ ਅਨੁਸਾਰ ਹੜ੍ਹਾਂ ਨਾਲ ਮੌਤਾਂ ਦਾ ਅੰਕੜਾ ਹਾਲੇ 43 ਹੀ ਦੱਸਿਆ ਜਾ ਰਿਹਾ ਹੈ ਜਦੋਂ ਕਿ ਪਿੰਡਾਂ ’ਚ ਕਈ ਮੌਤਾਂ ਸਰਕਾਰੀ ਪੱਧਰ ’ਤੇ ਰਿਪੋਰਟ ਵੀ ਨਹੀਂ ਹੋ ਰਹੀਆਂ ਹਨ। ਹੜ੍ਹਾਂ ਚੋਂ ਹੁਣ ਤੱਕ 21,929 ਲੋਕ ਬਚਾਏ ਜਾ ਚੁੱਕੇ ਹਨ ਜਦੋਂ ਕਿ ਰਾਹਤ ਕੈਂਪਾਂ ’ਚ 7108 ਲੋਕ ਪੁੱਜੇ ਹਨ। ਹੜ੍ਹਾਂ ਕਾਰਨ 4.30 ਲੱਖ ਏਕੜ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ।

Advertisement
×