ਰਾਹੁਲ ਦੇ 'ਵੋਟ ਚੋਰੀ' ਦੇ ਦਾਅਵਿਆਂ 'ਤੇ ਰਿਜਿਜੂ ਦਾ ਜਵਾਬ; ਸੰਸਥਾਵਾਂ ਨੂੰ ਦੋਸ਼ ਦੇਣ ਦੀ ਬਜਾਏ ਅਸਫਲਤਾਵਾਂ ਨੂੰ ਸਵੀਕਾਰ ਕਰੋ
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਆਪਣੀ ਵਾਰ-ਵਾਰ ਹੋ ਰਹੀ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ।
ਉਨ੍ਹਾਂ ਦਾ ਇਹ ਬਿਆਨ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ‘ਵੋਟ ਚੋਰੀ’ ਕਰਨ ਵਾਲਿਆਂ ਦੀ ਰੱਖਿਆ ਕਰਨ ਦਾ ਦੋਸ਼ ਲਗਾਉਣ ਅਤੇ ਦਾਅਵਾ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ ਕਿ ਕਰਨਾਟਕ ਵਿੱਚ ਕਾਂਗਰਸ ਦੇ ਵੋਟਰਾਂ ਦੇ ਨਾਮ ਚੋਣ ਸੂਚੀ ਵਿੱਚੋਂ ਯੋਜਨਾਬੱਧ ਤਰੀਕੇ ਨਾਲ ਹਟਾਏ ਜਾ ਰਹੇ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ‘ਗਲਤ ਅਤੇ ਬੇਬੁਨਿਆਦ’ ਦੱਸਦੇ ਹੋਏ ਰੱਦ ਕਰ ਦਿੱਤਾ ਅਤੇ ਕਿਹਾ ਕਿ ਬਿਨਾਂ ਕਿਸੇ ਸਹੀ ਪ੍ਰਕਿਰਿਆ ਦੇ ਕਿਸੇ ਵੀ ਵੋਟ ਨੂੰ ਹਟਾਇਆ ਨਹੀਂ ਜਾ ਸਕਦਾ।
ਇੱਕ ਈਵੈਂਟ ਦੌਰਾਨ ਰਿਜਿਜੂ ਨੇ ਪੁੱਛਿਆ, ‘‘ਜੇ ਤੁਸੀਂ ਵਾਰ-ਵਾਰ ਚੋਣਾਂ ਹਾਰਦੇ ਹੋ, ਤਾਂ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਲੀਡਰਸ਼ਿਪ ਦੀ ਅਸਫਲਤਾ ਨੂੰ ਮੰਨਣਾ ਚਾਹੀਦਾ ਹੈ। ਪਰ ਇਸ ਦੀ ਬਜਾਏ, ਤੁਸੀਂ ਸੰਸਥਾਵਾਂ ’ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹੋ। ਕੀ ਇਹ ਸਹੀ ਤਰੀਕਾ ਹੈ?’’
ਕੇਂਦਰੀ ਮੰਤਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ 'ਤੇ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਰਿਜਿਜੂ ਨੇ ਕਿਹਾ, "ਸਿਰਫ਼ ਚੋਣਾਂ ਵਿੱਚ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ, ਰਾਹੁਲ ਗਾਂਧੀ ਕਿਸੇ ਹੋਰ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ ਜਾਂ ਧਿਆਨ ਕਿਤੇ ਹੋਰ ਨਹੀਂ ਭਟਕਾ ਸਕਦੇ," ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਲੋਕਾਂ ਦੁਆਰਾ ਸਵੀਕਾਰ ਨਹੀਂ ਕੀਤਾ ਜਾਵੇਗਾ। -ਪੀਟੀਆਈ