RG Kar rape and murder case ਆਰਜੀ ਕਰ ਜਬਰ-ਜਨਾਹ ਤੇ ਕਤਲ ਮਾਮਲੇ ’ਚ ਸੰਜੈ ਰਾਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ
ਕੋਲਕਾਤਾ, 20 ਜਨਵਰੀ
ਸਿਆਲਦਾਹ ਕੋਰਟ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਸੰਜੈ ਰਾਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਨੇ ਹਾਲਾਂਕਿ ਰਾਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਕੋਰਟ ਨੇ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ। ਜੱਜ ਅਨਿਰਬਨ ਦਾਸ ਨੇ ਕਿਹਾ ਕਿ ਇਹ ਅਪਰਾਧ ‘ਵਿਰਲਿਆਂ ’ਚੋਂ ਵਿਰਲੇ’ ਵਰਗ ਵਿਚ ਨਹੀਂ ਆਉਂਦਾ ਜੋ ਦੋਸ਼ੀ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਇਕ ਕਾਰਨ ਹੈ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੋਂ ‘ਸੰਤਸ਼ੁਟ’ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾਈ ਪੁਲੀਸ ਤੋਂ ‘ਜ਼ਬਰਦਸਤੀ’ ਜਾਂਚ ਖੋਹੀ ਗਈ ਸੀ ਅਤੇ ਜੇ ਜਾਂਚ ਉਨ੍ਹਾਂ ਕੋਲ ਹੁੰਦੀ, ਤਾਂ ਉਹ ਦੋਸ਼ੀ ਲਈ ਮੌਤ ਦੀ ਸਜ਼ਾ ਯਕੀਨੀ ਬਣਾਉਂਦੇ। ਇਸ ਦੌਰਾਨ ਸੰਜੈ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਦੀ ਮਾਂ ਨੇ ਖ਼ੁਦ ਨੂੰ ਘਰ ਵਿਚ ਹੀ ਬੰਦ ਕਰਦਿਆਂ ਇਸ ਫੈਸਲੇ 'ਤੇ ਟਿੱਪਣੀ ਲਈ ਪੱਤਰਕਾਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।
ਰਾਏ ਉੱਤੇ ਲੱਗੇ ਦੋਸ਼ਾਂ ਤਹਿਤ ਉਸ ਨੂੰ ਘੱਟ ਤੋਂ ਘੱਟ ਉਮਰ ਕੈਦ ਜਾਂ ਫ਼ਿਰ ਮੌਤ ਦੀ ਸਜ਼ਾ ਸੁਣਾਈ ਜਾਣ ਦੀ ਉਮੀਦ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਨ ਦੀ ਸਿਆਲਦਾਹ ਕੋਰਟ ਨੇ ਸ਼ਨਿੱਚਰਵਾਰ ਨੂੰ ਸੁਣਾਏ ਫੈਸਲੇ ਵਿਚ ਰਾਏ ਨੂੰ ਪੋਸਟਗਰੈਜੂਏਟ ਟਰੇਨੀ ਡਾਕਟਰ ਦੇ ਜਬਰ-ਜਨਾਹ ਤੇ ਕਤਲ ਕੇਸ ਦਾ ਦੋਸ਼ੀ ਕਰਾਰ ਦਿੱਤਾ ਸੀ। ਉਂਝ ਰਾਏ ਨੇ ਅੱਜ ਸਜ਼ਾ ਸੁਣਾਏ ਜਾਣ ਤੋਂ ਠੀਕ ਪਹਿਲਾਂ ਆਪਣੇ ਡਿਫੈਂਸ ਵਿਚ ਕਿਹਾ ਸੀ ਕਿ ਉਹ ਨਿਰਦੋੋਸ਼ ਹੈ ਤੇ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਹੈ। ਰਾਏ ਨੇ ਕਿਹਾ ਸੀ, ‘‘ਮੈਂ ਨਿਰਦੋਸ਼ ਹਾਂ। ਮੈਨੂੰ ਫ਼ਸਾਇਆ ਗਿਆ ਹੈ ਤੇ ਮੈਂ ਕੋਈ ਅਪਰਾਧ ਨਹੀਂ ਕੀਤਾ। ਮੈਂ ਕੁਝ ਵੀ ਨਹੀਂ ਕੀਤਾ ਤੇ ਇਸ ਦੇ ਬਾਵਜੂਦ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।’’ ਰਾਏ ਨੂੰ ਅੱਜ ਸਵੇਰੇ ਸਵਾ ਦਸ ਵਜੇ ਦੇ ਕਰੀਬ ਪੁਲੀਸ ਵਾਹਨਾਂ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਕੋਰਟ ਲਿਆਂਦਾ ਗਿਆ ਸੀ।
ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਆਲਦਾਹ ਕੋਰਟ ਦੇ ਬਾਹਰ ਕਿਲ੍ਹੇਬੰਦੀ ਕਰਦਿਆਂ 500 ਦੇ ਕਰੀਬ ਪੁਲੀਸ ਕਰਮੀ ਤਾਇਨਾਤ ਹਨ। ਪੁਲੀਸ ਮੁਲਾਜ਼ਮਾਂ ਦੀ ਨਫ਼ਰੀ ਦੇ ਬਾਵਜੂਦ ਵੱਡੀ ਗਿਣਤੀ ਲੋਕ ਕੋਰਟ ਕੰਪਲੈਕਸ ਵਿਚ ਪਹੁੰਚੇ ਸਨ।
ਇਸ ਦੌਰਾਨ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਅੱਜ ਸਵੇਰੇ ਕਿਹਾ ਸੀ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਪੀੜਤਾ ਦੀ ਮਾਂ ਨੇ ਸੀਬੀਆਈ ਵੱਲੋਂ ਕੀਤੀ ਜਾਂਚ ’ਤੇ ਅਫ਼ਸੋਸ ਜਤਾਉਂਦਿਆਂ ਦਾਅਵਾ ਕੀਤਾ ਕਿ ‘ਇਸ ਅਪਰਾਧ ਵਿਚ ਸ਼ਾਮਲ ਹੋਰਨਾਂ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਨਹੀਂ ਖੜ੍ਹਾ ਕੀਤਾ ਗਿਆ।’’ ਸੋਗ ਵਿਚ ਘਿਰੀ ਮਾਂ ਨੇ ਕਿਹਾ, ‘‘ਇਸ ਅਪਰਾਧ ਵਿਚ ਸਿਰਫ਼ ਇਕ ਵਿਅਕਤੀ ਸ਼ਾਮਲ ਨਹੀਂ ਸੀ, ਪਰ ਇਸ ਦੇ ਬਾਵਜੂਦ ਸੀਬੀਆਈ ਹੋਰਨਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ। ਜੇ ਅਸੀਂ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਰੋਕਣਾ ਹੈ ਤਾਂ ਅਜਿਹੇ ਅਪਰਾਧੀਆਂ ਨੂੰ ਜਿਊਣ ਦਾ ਕੋਈ ਅਧਿਕਾਰ ਨਹੀਂ ਹੈ।’’ ਰਾਏ, ਜੋ ਕੋਲਕਾਤਾ ਪੁਲੀਸ ਦਾ ਸਾਬਕਾ ਸਿਵਿਕ ਵਲੰਟੀਅਰ ਸੀ, ਨੂੰ ਪਿਛਲੇ ਸਾਲ 9 ਅਗਸਤ ਦੀ ਇਸ ਘਟਨਾ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਸ ਮਗਰੋਂ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਜੱਜ ਨੇ ਰੌਏ ਨੂੰ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 64, 66 ਤੇ 103(1) ਤਹਿਤ ਦੋਸ਼ੀ ਕਰਾਰ ਦਿੱਤਾ ਹੈ।
ਇਸ ਦੌਰਾਨ ਕੋਲਕਾਤਾ ਪੁਲੀਸ ਨੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਨੂੰ ਸਿਆਲਦਾਹ ਕੋਰਟ ਇਲਾਕੇ ਵਿਚ ਰੋਸ ਮੁਜ਼ਾਹਰੇ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਧਰ ਸੰਜੈ ਰਾਏ ਦੀ ਮਾਂ ਨੇ ਭਾਵੇਂ ਮੀਡੀਆ ਨਾਲ ਗੱਲ ਨਹੀਂ ਕੀਤੀ, ਪਰ ਉਸ ਦੀ ਭੈਣ ਨੇ ਕਿਹਾ, ‘‘ਸਾਰੇ ਸਬੂਤ ਉਸ ਦੇ ਖਿਲਾਫ਼ ਹਨ। ਜੇ ਉਸ ਨੂੰ ਮੌਤ ਦੀ ਸਜ਼ਾ ਵੀ ਮਿਲਦੀ ਹੈ ਤਾਂ ਅਸੀਂ ਇਸ ਵਿਚ ਕੀ ਕਰ ਸਕਦੇ ਹਾਂ?’’ ਉਧਰ ਸੀਪੀਆਈ(ਐੱਮ) ਆਗੂ ਵਿਕਾਸ ਰੰਜਨ ਭੱਟਾਚਾਰੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਵੱਲੋਂ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੀਬੀਆਈ ਵੱਲੋਂ ਜਾਂਚ ਆਪਣੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਹੀ ਸਾਰੇੇ ਸਬੂਤ ਮਿਟਾ ਦਿੱਤੇ ਗਏ ਸਨ। ਅਜਿਹੇ ਹਾਲਾਤ ਵਿਚ ਸਬੂਤ ਇਕੱਤਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।’’ -ਪੀਟੀਆਈ