RG Kar Case: ਪੀੜਤ ਦੀ ਮਾਂ ਵੱਲੋਂ 9 ਫਰਵਰੀ ਨੂੰ ਸੜਕਾਂ ’ਤੇ ਉਤਰਨ ਲਈ ਲੋਕਾਂ ਨੂੰ ਅਪੀਲ
RG Kar Case: ਪੀੜਤਾ ਦੇ ਜਨਮਦਿਨ ਦੇ ਮੱਦੇਨਜ਼ਰ ਮਾਂ ਨੇ ਲੋਕਾਂ ਤੋਂ ਕੀਤੀ ਮੰਗ
ਕੋਲਕਾਤਾ, 5 ਫਰਵਰੀ
RG Kar Case: ਸਰਕਾਰੀ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਬਰ ਜਨਾਹ ਤੋਂ ਬਾਅਦ ਕਤਲ ਕੀਤੀ ਗਈ ਜੂਨੀਅਰ ਮਹਿਲਾ ਡਾਕਟਰ ਦੀ ਮਾਂ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਵਿੱਚ ਆਮ ਲੋਕਾਂ ਨੂੰ ਆਪਣੀ ਧੀ ਦੇ ਜਨਮ ਦਿਨ ਮੌਕੇ 9 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਸੜਕਾਂ ਤੇ ਉਤਰਨ ਦੀ ਇੱਕ ਨਵੀਂ ਅਪੀਲ ਕੀਤੀ ਹੈ।
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸੂਬੇ ਦੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ। ਹਾਲਾਂਕਿ ਵੀਡੀਓ ਵਿੱਚ ਪੀੜਤਾ ਦੇ ਮਾਤਾ-ਪਿਤਾ ਦੋਵਾਂ ਦੇ ਧੁੰਦਲੇ ਚਿਹਰੇ ਦੇਖੇ ਗਏ ਹਨ, ਪਰ ਉਸ ਅਪੀਲ ਨੂੰ ਜਾਰੀ ਕਰਦੇ ਹੋਏ ਪੀੜਤਾ ਦੀ ਮਾਤਾ ਨੇ ਕਿਹਾ, ‘‘ਸਾਨੂੰ ਅਜੇ ਤੱਕ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ। ਅਸੀਂ 9 ਫਰਵਰੀ ਨੂੰ ਸੜਕਾਂ 'ਤੇ ਉਤਰਾਂਗੇ। ਲੋਕ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਨਾਲ ਹਨ। ਇਸ ਲਈ ਮੈਂ ਲੋਕਾਂ ਨੂੰ 9 ਫਰਵਰੀ ਨੂੰ ਮੁੜ ਸੜਕਾਂ 'ਤੇ ਉਤਰਨ ਦੀ ਅਪੀਲ ਕਰਦੀ ਹਾਂ।’’
ਉਨ੍ਹਾਂ ਆਮ ਲੋਕਾਂ ਨੂੰ 9 ਫਰਵਰੀ ਨੂੰ ਇੱਕ-ਇੱਕ ਫੁੱਲਾਂ ਦਾ ਬੂਟਾ ਲਗਾਉਣ ਦੀ ਅਪੀਲ ਵੀ ਕੀਤੀ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਤੇ ਉਸਦਾ ਪਤੀ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਅੰਤ ਤੱਕ ਲੱਗੇ ਰਹਿਣਗੇ। ਆਈਏਐੱਨਐੱਸ

