RG Kar case ਕਲਕੱਤਾ ਹਾਈ ਕੋਰਟ ਵੱਲੋਂ ਮਮਤਾ ਸਰਕਾਰ ਨੂੰ ‘ਮੌਤ ਤੱਕ ਉਮਰ ਕੈਦ’ ਦੀ ਸਜ਼ਾ ਨੂੰ ਚੁਣੌਤੀ ਦੇਣ ਦੀ ਖੁੱਲ੍ਹ
Cal HC grants permission to govt to file appeal against ''life term till death'' order
ਕੋਲਕਾਤਾ, 21 ਜਨਵਰੀ
ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਆਰਜੀ ਕਰ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਕੇਸ ਵਿਚ ਸਿਆਲਦਾਹ ਕੋਰਟ ਵੱਲੋਂ ਮੁਲਜ਼ਮ ਸੰਜੈ ਰਾਏ ਨੂੰ ਸੁਣਾਈ ਮੌਤ ਤੱਕ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਾਖ਼ਲ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਕਿਸ਼ੋਰ ਦੱਤਾ ਨੇ ਜਸਟਿਸ ਦੇਬਾਂਗਸੂ ਬਸਾਕ ਦੇ ਡਿਵੀਜ਼ਨ ਬੈਂਚ ਕੋਲ ਅਪੀਲ ਦਾਇਰ ਕਰਕੇ ਰਾਏ ਨੂੰ ਲੰਘੇ ਦਿਨ ਸੁਣਾਈ ਸਜ਼ਾ ਨੂੰ ਚੁਣੌਤੀ ਦੇਣ ਸਬੰਧੀ ਲੋੜੀਂਦੀ ਮਨਜ਼ੂਰੀ ਮੰਗੀ ਸੀ।
ਚੇਤੇ ਰਹੇ ਕਿ ਸਿਆਲਦਾਹ ਕੋਰਟ ਨੇ ਰਾਏ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਮੌਤ ਦੀ ਸਜ਼ਾ ਬਾਰੇ ਸੀਬੀਆਈ ਦੀ ਅਪੀਲ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਇਹ ਮਾਮਲਾ ‘ਵਿਰਲਿਆਂ ’ਚੋਂ ਵਿਰਲੇ’ ਸ਼੍ਰੇਣੀ ਵਿਚ ਨਹੀਂ ਆਉਂਦਾ। ਕੋਰਟ ਨੇ ਰਾਏ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਉਣ ਦੇ ਨਾਲ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੰਘੇ ਦਿਨ ਉਮਰ ਕੈਦ ਦੇ ਫੈਸਲੇ ਉੱਤੇ ‘ਅਸੰਤੁਸ਼ਟੀ’ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਜੇ ਕੋਲਕਾਤਾ ਪੁਲੀਸ ਨੇ ਕੇਸ ਦੀ ਪੈਰਵੀ ਕੀਤੀ ਹੁੰਦੀ ਤਾਂ ਉਹ ਦੋਸ਼ੀ ਲਈ ਮੌਤ ਦੀ ਸਜ਼ਾ ਯਕੀਨੀ ਬਣਾਉਂਦੇ। -ਪੀਟੀਆਈ

