ਐੱਨਡੀਏ ਦੀ ਮੀਟਿੰਗ ’ਚ ‘ਅਪਰੇਸ਼ਨ ਸਿੰਧੂਰ’ ਸਬੰਧੀ ਮਤਾ ਪਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਸੰਸਦ ਭਵਨ ਵਿੱਚ ਹੋਈ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ‘ਅਪਰੇਸ਼ਨ ਸਿੰਧੂਰ’ ਸਬੰਧੀ ਮਤਾ ਪਾਸ ਕੀਤਾ ਗਿਆ। ਐੱਨਡੀਏ ਸੰਸਦ ਮੈਂਬਰਾਂ ਨੇ ‘ਅਪਰੇਸ਼ਨ ਸਿੰਧੂਰ’ ਅਤੇ ‘ਅਪਰੇਸ਼ਨ ਮਹਾਦੇਵ’ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਦਿਖਾਏ ਜਜ਼ਬੇ ਨੂੰ ਸਲਾਮ ਕੀਤਾ। ਇਸ ਦੇ ਨਾਲ ਹੀ ਇੱਕ ਮਤੇ ਰਾਹੀਂ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1998 ਵਿੱਚ ਐੱਨਡੀਏ ਦੇ ਗਠਨ ਮਗਰੋਂ ਇਸਦਾ ਸਫ਼ਰ ਸਫਲਤਾਵਾਂ ਨਾਲ ਭਰਿਆ ਰਿਹਾ ਹੈ।
ਐੱਨਡੀਏ ਸੰਸਦੀ ਦਲ ਦੀ ਪਿਛਲੀ ਮੀਟਿੰਗ 2 ਜੁਲਾਈ, 2024 ਨੂੰ ਹੋਈ ਸੀ। ਲਗਪਗ ਇੱਕ ਸਾਲ ਤੋਂ ਵੱਧ ਸਮੇਂ ਮਗਰੋਂ ਹੋਈ ਇਸ ਮੀਟਿੰਗ ਵਿੱਚ ਮੋਦੀ ਨੂੰ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਦੀ ਸੰਗਠਿਤ ਜਵਾਬੀ ਪ੍ਰਤੀਕਿਰਿਆ ਵਜੋਂ ਉਨ੍ਹਾਂ ਦੀ ‘ਅਸਾਧਾਰਨ ਅਗਵਾਈ’ ਲਈ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਵਜ਼ਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਟਿਕੇ ਰਹਿਣ ਵਾਲੇ ਮੰਤਰੀ ਬਣ ਗਏ ਹਨ। ਉਨ੍ਹਾਂ ਨੇ 1998 ਵਿੱਚ ਐੱਨਡੀਏ ਦੇ ਸਹਿਬਾਨੀ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਛਾੜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਤਾਂ ਬਸ ਸ਼ੁਰੂਆਤ ਹੈ।’’
ਮੋਦੀ ਨੇ ਰਾਹੁਲ ਗਾਂਧੀ ’ਤੇ ਸੇਧਿਆ ਨਿਸ਼ਾਨਾ
ਐੱਨਡੀਏ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ। ਸੁਪਰੀਮ ਕੋਰਟ ਨੇ ਇੱਕ ਦਿਨ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਨੂੰ ਉਨ੍ਹਾਂ ਦੇ ਇਸ ਦਾਅਵੇ ਲਈ ਫਟਕਾਰ ਲਗਾਈ ਸੀ ਕਿ ਮੌਜੂਦਾ ਸਰਕਾਰ ਵਿੱਚ ਚੀਨ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤ ਦੀ ਜ਼ਮੀਨ ਤੇ ਸੁਰੱਖਿਆ ਬਾਰੇ ਬਚਗਾਨਾ ਤੇ ਬੇਬੁਨਿਆਦ ਟਿੱਪਣੀਆਂ ਕਰਦੇ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ।