ਵਿਜੀਲੈਂਸ ਬਿਊਰੋ ਨੇ ਸਾਬਕਾ ਸੰਸਦ ਮੈਂਬਰ ਅਤੇ ਅਜੀਤ ਗਰੁੱਪ ਆਫ ਪਬਲੀਕੇਸ਼ਨਜ਼ ਦੇ ਮੈਨੇਜਿੰਗ ਐਡੀਟਰ ਬਲਜਿੰਦਰ ਸਿੰਘ ਹਮਦਰਦ, ਆਈ ਏ ਐੱਸ ਅਫਸਰ ਵਿਨੈ ਬੁਬਲਾਨੀ, ਲੁਧਿਆਣਾ ਸਥਿਤ ਬਿਲਡਰ ਦੀਪਕ ਸਿੰਘਲ ਅਤੇ ਪੀ ਡਬਲਿਊ ਡੀ ਦੇ 14 ਅਧਿਕਾਰੀਆਂ ਖ਼ਿਲਾਫ਼ ਪਿਛਲੇ ਸਾਲ ਮਈ ਵਿੱਚ ਦਰਜ ਕੇਸ ਰੱਦ ਕਰਨ ਲਈ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ ਹੈ। ਇਹ ਮਾਮਲਾ ਕਰਤਾਰਪੁਰ ਵਿੱਚ 315 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਜੰਗ-ਏ-ਆਜ਼ਾਦੀ ਯਾਦਗਾਰ ਪ੍ਰਾਜੈਕਟ ਦੇ ਨਿਰਮਾਣ ’ਚ ਕਥਿਤ ਘਪਲੇ ਨਾਲ ਸਬੰਧਤ ਹੈ। ਵਿਜੀਲੈਂਸ ਬਿਊਰੋ ਨੇ ਇਸ ਪ੍ਰਾਜੈਕਟ ਦੇ ਠੇਕੇਦਾਰਾਂ ਨੂੰ ਵਾਧੂ ਭੁਗਤਾਨ ਕਰਕੇ ਸਰਕਾਰੀ ਖਜ਼ਾਨੇ ਨੂੰ 27.23 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ ਕੀਤਾ ਸੀ। ਸ੍ਰੀ ਹਮਦਰਦ ਨੇ ਇਸ ਕਾਰਵਾਈ ਨੂੰ ਆਪਣੇ ਖ਼ਿਲਾਫ਼ ਸਿਆਸੀ ਬਦਲਾਖੋਰੀ ਦਾ ਹਿੱਸਾ ਦੱਸਿਆ ਸੀ। ਸ੍ਰੀ ਹਮਦਰਦ ਜੰਗ-ਏ-ਆਜ਼ਾਦੀ ਯਾਦਗਾਰ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਸਨ ਅਤੇ ਸ੍ਰੀ ਬੁਬਲਾਨੀ ਨਿਰਮਾਣ ਕਾਰਜਾਂ ਦੀ ਨਿਗਰਾਨੀ ਲਈ ਮੁੱਖ ਕਾਰਜਕਾਰੀ ਅਧਿਕਾਰੀ ਸਨ। ਇਹ ਪ੍ਰਾਜੈਕਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ’ਚ ਸ਼ੁਰੂ ਕੀਤਾ ਗਿਆ ਸੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ’ਚ ਮੁਕੰਮਲ ਹੋਇਆ ਸੀ।

