ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ
* ਛੇ ਹੋਰ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ
ਨਵੀਂ ਦਿੱਲੀ, 20 ਫਰਵਰੀ
ਭਾਜਪਾ ਦੀ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਭਾਜਪਾ ਦੀ 26 ਸਾਲਾਂ ਤੋਂ ਵੱਧ ਸਮੇਂ ਬਾਅਦ ਕੌਮੀ ਰਾਜਧਾਨੀ ਵਿੱਚ ਸੱਤਾ ’ਚ ਵਾਪਸੀ ਹੋਈ ਹੈ। ਰੇਖਾ ਗੁਪਤਾ ਦੇ ਨਾਲ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ ਅਤੇ ਪੰਕਜ ਸਿੰਘ ਨੂੰ ਵੀ ਉਪ ਰਾਜਪਾਲ ਵੀਕੇ ਸਕਸੈਨਾ ਨੇ ਅਹੁਦੇ ਦੀ ਸਹੁੰ ਚੁਕਾਈ। ਰੇਖਾ ਗੁਪਤਾ ਨੇ ਹਿੰਦੀ ਵਿੱਚ ਅਹੁਦੇ ਦੀ ਸਹੁੰ ਚੁੱਕੀ। ਮਨਜਿੰਦਰ ਸਿਰਸਾ ਤੋਂ ਇਲਾਵਾ ਬਾਕੀ ਮੰਤਰੀਆਂ ਨੇ ਵੀ ਹਿੰਦੀ ਵਿੱਚ ਹਲਫ਼ ਲਿਆ, ਜਦੋਂਕਿ ਮਨਜਿੰਦਰ ਸਿਰਸਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ।
ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂਆਂ ਅਤੇ ਐੱਨਡੀਏ ਦੇ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਸ਼ਾਲੀਮਾਰ ਬਾਗ ਤੋਂ 50 ਸਾਲਾ ਇਹ ਵਿਧਾਇਕਾ, ਐੱਨਡੀਏ ਦੇ ਮੁੱਖ ਮੰਤਰੀਆਂ ਦੀ ਟੀਮ ਵਿੱਚ ਇਕਲੌਤੀ ਮਹਿਲਾ ਵੀ ਹੈ। ਉਂਝ, ਉਹ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਹੈ ਅਤੇ ਭਾਜਪਾ ਵੱਲੋਂ ਵੀ ਦਿੱਲੀ ਦੀ ਚੌਥੀ ਮੁੱਖ ਮੰਤਰੀ ਬਣੀ ਹੈ।
ਸਮਾਗਮ ਵਿੱਚ ਪੁੱਜੀਆਂ ਹੋਰ ਅਹਿਮ ਸ਼ਖ਼ਸੀਅਤਾਂ ਵਿੱਚ ਐੱਨਡੀਏ ਵਿਚਲੀ ਭਾਈਵਾਲ ਪਾਰਟੀਆਂ ਦੇ ਰਾਜ ਵਾਲੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਸਨ, ਜਿਵੇਂ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਬ੍ਰਜੇਸ਼ ਪਾਠਕ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਪਵਨ ਕਲਿਆਣ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀਆਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ੍ਰੀਰਾਮ’ ਆਦਿ ਨਾਅਰੇ ਲਾਏ। -ਪੀਟੀਆਈ
ਰੇਖਾ ਗੁਪਤਾ ਪੂਰੇ ਜੋਸ਼ ਨਾਲ ਕੰਮ ਕਰੇਗੀ: ਮੋਦੀ
ਨਵੀਂ ਦਿੱਲੀ:
ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਰੇਖਾ ਗੁਪਤਾ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਜ਼ਮੀਨੀ ਪੱਧਰ ਤੋਂ ਉੱਠੀ ਹੈ ਅਤੇ ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਨਵੀਂ ਮੁੱਖ ਮੰਤਰੀ ਸ਼ਹਿਰ ਦੇ ਵਿਕਾਸ ਲਈ ਪੂਰੇ ਜੋਸ਼ ਨਾਲ ਕੰਮ ਕਰੇਗੀ। ਪਹਿਲੀ ਵਾਰ ਭਾਜਪਾ ਵਿਧਾਇਕ ਬਣੀ ਗੁਪਤਾ ਨੂੰ ਪਾਰਟੀ ਵੱਲੋਂ ਤਾਕਤ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਦਿੱਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਫ਼ੌਰੀ ਬਾਅਦ, ਮੋਦੀ ਨੇ ਇੱਕ ਵਧਾਈ ਸੁਨੇਹੇ ਵਿੱਚ ਕਿਹਾ, ‘‘ਉਹ ਜ਼ਮੀਨੀ ਪੱਧਰ ਤੋਂ ਉੱਠੀ ਹੈ। ਕੈਂਪਸ ਰਾਜਨੀਤੀ, ਰਾਜ ਸੰਗਠਨ, ਨਗਰ ਪਾਲਿਕਾ ਪ੍ਰਸ਼ਾਸਨ ਵਿੱਚ ਸਰਗਰਮ ਹੈ ਅਤੇ ਹੁਣ ਵਿਧਾਇਕ ਦੇ ਨਾਲ-ਨਾਲ ਮੁੱਖ ਮੰਤਰੀ ਵੀ ਹੈ।’’ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੇ ਜੋਸ਼ ਨਾਲ ਕੰਮ ਕਰੇਗੀ। ਉਨ੍ਹਾਂ ਨੂੰ ਫਲਦਾਇਕ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।’’ ਇਸ ਦੇ ਨਾਲ ਹੀ ਮੋਦੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲੈਣ ਵਾਲੇ ਭਾਜਪਾ ਆਗੂਆਂ ਨੂੰ ਵੀ ਮੁਬਾਰਕਬਾਦ ਦਿੱਤੀ। ਇਕ ਵੱਖਰੀ ਟਵੀਟ ਵਿੱਚ ਉਨ੍ਹਾਂ ਕਿਹਾ, ‘‘ਸ੍ਰੀ ਪਰਵੇਸ਼ ਸਾਹਿਬ ਸਿੰਘ ਜੀ, ਸ੍ਰੀ ਆਸ਼ੀਸ਼ ਸੂਦ ਜੀ, ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਸ੍ਰੀ ਰਵਿੰਦਰ ਇੰਦਰਰਾਜ ਸਿੰਘ ਜੀ, ਸ੍ਰੀ ਕਪਿਲ ਮਿਸ਼ਰਾ ਜੀ ਅਤੇ ਸ੍ਰੀ ਪੰਕਜ ਕੁਮਾਰ ਸਿੰਘ ਜੀ ਨੂੰ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈਆਂ। ਇਹ ਟੀਮ ਜੋਸ਼ ਅਤੇ ਤਜਰਬੇ ਦਾ ਖ਼ੂਬਸੂਰਤ ਸੁਮੇਲ ਹੈ ਅਤੇ ਯਕੀਨੀ ਤੌਰ ’ਤੇ ਦਿੱਲੀ ਲਈ ਚੰਗਾ ਸ਼ਾਸਨ ਯਕੀਨੀ ਬਣਾਏਗੀ। ਉਨ੍ਹਾਂ ਨੂੰ ਸ਼ੁਭਕਾਮਨਾਵਾਂ।’’ -ਪੀਟੀਆਈ
ਦਿੱਲੀ: ਕੈਬਨਿਟ ਵੱਲੋਂ ਆਯੂਸ਼ਮਾਨ ਭਾਰਤ ਯੋਜਨਾ ਨੂੰ ਮਨਜ਼ੂਰੀ
ਨਵੀਂ ਦਿੱਲੀ:
ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਛੇ ਹੋਰ ਕੈਬਨਿਟ ਮੰਤਰੀਆਂ ਦੇ ਹੋਏ ਹਲਫ਼ਦਾਰੀ ਸਮਾਗਮ ਤੋਂ ਕੁਝ ਹੀ ਘੰਟਿਆਂ ਬਾਅਦ ਰੇਖਾ ਗੁਪਤਾ ਨੇ ਸਕੱਤਰੇਤ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ। ਉਸ ਤੋਂ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਨਵੇਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਸੱਦ ਲਈ। ਨਵੇਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਜਿੱਥੇ ਕੌਮੀ ਰਾਜਧਾਨੀ ਵਿੱਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ, ਉੱਥੇ ਹੀ ਕੰਪਟਰੋਲਰ ਐਂਡ ਆਡਿਟਰ ਜਨਰਲ (ਕੈਗ) ਦੀਆਂ ਪੈਂਡਿੰਗ ਪਈਆਂ 14 ਰਿਪੋਰਟਾਂ ਵਿਧਾਨ ਸਭਾ ਦੇ ਪਹਿਲੇ ਹੀ ਇਜਲਾਸ ਵਿੱਚ ਪੇਸ਼ ਕਰਨ ਦਾ ਫੈਸਲਾ ਲਿਆ ਗਿਆ।ਇਸ ਮਗਰੋਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ। ਇਸ ਵੰਡ ਤਹਿਤ ਮੁੱਖ ਮੰਤਰੀ ਨੇ ਵਿੱਤ, ਸੇਵਾਵਾਂ ਤੇ ਵਿਜੀਲੈਂਸ ਵਿਭਾਗ ਆਪਣੇ ਕੋਲ ਰੱਖੇ ਹਨ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਉਦਯੋਗ ਤੇ ਵਾਤਾਵਰਨ, ਪਰਵੇਸ਼ ਵਰਮਾ ਨੂੰ ਲੋਕ ਨਿਰਮਾਣ ਵਿਭਾਗ, ਜਲ, ਸੰਸਦੀ ਮਾਮਲੇ, ਸਿੰਜਾਈ ਤੇ ਹੜ੍ਹ ਕੰਟਰੋਲ, ਆਸ਼ੀਸ਼ ਸੂਦ ਨੂੰ ਗ੍ਰਹਿ, ਬਿਜਲੀ, ਸ਼ਹਿਰੀ ਵਿਕਾਸ ਤੇ ਸਿੱਖਿਆ, ਰਵਿੰਦਰ ਇੰਦਰਾਜ ਨੂੰ ਸਮਾਜਿਕ ਭਲਾਈ, ਐੱਸਸੀ ਤੇ ਐੱਸਟੀ ਭਲਾਈ, ਕਪਿਲ ਮਿਸ਼ਰਾ ਨੂੰ ਕਾਨੂੰਨ ਤੇ ਨਿਆਂ ਅਤੇ ਕਿਰਤ ਅਤੇ ਪੰਕਜ ਸਿੰਘ ਨੂੰ ਸਿਹਤ, ਟਰਾਂਸਪੋਰਟ ਤੇ ਸੂਚਨਾ ਤਕਨਾਲੋਜੀ ਵਿਭਾਗ ਦਿੱਤੇ ਗਏ ਹਨ। -ਪੀਟੀਆਈ