ਖੇਤਰੀ ਕੌਂਸਲਾਂ ਹੁਣ ਸਹਿਯੋਗ ਦਾ ਇੰਜਣ ਬਣੀਆਂ: ਸ਼ਾਹ
ਰਾਂਚੀ, 10 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਖੇਤਰੀ ਕੌਂਸਲਾਂ ਵਿਚਾਰ ਚਰਚਾ ਦੇ ਮੰਚ ਤੋਂ ਅੱਗੇ ਵਧ ਕੇ ‘ਸਹਿਯੋਗ ਦੇ ਇੰਜਣ’ ’ਚ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਤਰੀ ਕੌਂਸਲਾਂ ਦੀਆਂ ਮੀਟਿੰਗਾਂ ’ਚ ਚੁੱਕੇ ਗਏ 83 ਫ਼ੀਸਦ ਮੁੱਦਿਆਂ ਦਾ ਹੱਲ ਕੱਢਿਆ ਜਾ ਚੁੱਕਿਆ ਹੈ। ਸ਼ਾਹ ਨੇ ਇਹ ਬਿਆਨ 27ਵੀਂ ਪੂਰਬੀ ਜ਼ੋਨਲ ਕੌਂਸਲ ਦੀ ਮੀਟਿੰਗ ਦੌਰਾਨ ਦਿੱਤਾ ਜਿਸ ’ਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਸਮੇਤ ਬਿਹਾਰ ਅਤੇ ਪੱਛਮੀ ਬੰਗਾਲ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਸਾਨਜੋਰ ਡੈਮ, ਤੱਯਬਪੁਰ ਬੈਰਾਜ ਅਤੇ ਇੰਦਰਪੁਰੀ ਜਲ ਭੰਡਾਰ ਨਾਲ ਸਬੰਧਤ ਲੰਮੇ ਸਮੇਂ ਤੋਂ ਬਕਾਇਆ ਗੁੰਝਲਦਾਰ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਬਿਹਾਰ ਅਤੇ ਝਾਰਖੰਡ ਵਿਚਾਲੇ ਜਨਤਕ ਖੇਤਰ ਦੀਆਂ ਇਕਾਈਆਂ ਦੀਆਂ ਸੰਪਤੀਆਂ ਅਤੇ ਦੇਣਦਾਰੀਆਂ ਦੀ ਵੰਡ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਜੋ ਬਿਹਾਰ ਦੀ ਵੰਡ ਦੇ ਸਮੇਂ ਤੋਂ ਬਕਾਇਆ ਹਨ। ਸ਼ਾਹ ਨੇ ਕਿਹਾ, ‘‘2004 ਤੋਂ 2014 ਦੌਰਾਨ ਖੇਤਰੀ ਕੌਂਸਲਾਂ ਦੀਆਂ 25 ਮੀਟਿੰਗਾਂ ਹੋਈਆਂ ਸਨ ਜਿਨ੍ਹਾਂ ਦੀ ਗਿਣਤੀ 2014 ਤੋਂ 2025 ਦੌਰਾਨ ਵਧ ਕੇ 63 ਹੋ ਗਈ ਹੈ।’’ -ਪੀਟੀਆਈ