Reel hobby causes blast: ਰੀਲਾਂ ਦਾ ਜਨੂੰਨ ਬਣਿਆ ਧਮਾਕੇ ਦਾ ਕਾਰਨ, Content Creator ਜੋੜਾ ਗੰਭੀਰ ਜ਼ਖ਼ਮੀ
ਪੁਲੀਸ ਦੀ ਜਾਂਚ ਵਿੱਚ ਖ਼ੁਲਾਸਾ ਹੋਇਆ ਕਿ ਰੀਲਾਂ ਬਣਾਉਣ ਦਾ ਸ਼ੌਕ ਹੀ ਬਣਿਆ ਧਮਾਕੇ ਦਾ ਕਾਰਨ; ਆਪਣੀ ਵੀਡੀਓ ਨੂੰ ਵਿਸ਼ੇਸ਼ ਪ੍ਰਭਾਵ ਦੇਣ ਲਈ ਬਹੁਤ ਹੀ ਜਲਣਸ਼ੀਲ ਰਸੋਈ ਗੈਸ ਦੀ ਵਰਤੋਂ ਕਰ ਰਹੇ ਰਚਨਾ ਜਾਟ ਤੇ ਅਨਿਲ ਜਾਟ ਦੀ ਝੁਲਸਣ ਕਾਰਨ ਹਾਲਤ ਗੰਭੀਰ
ਭੋਪਾਲ, 6 ਮਾਰਚ
ਮੱਧ ਪ੍ਰਦੇਸ਼ ਦੇ ਗਵਾਲੀਅਰ (Gwalior) ਦੇ ਗੋਲਾ ਕਾ ਮੰਦਰ ਖੇਤਰ ਵਿੱਚ ਸਥਿਤ ਲੈਗੇਸੀ ਪਲਾਜ਼ਾ ਇਮਾਰਤ ਨੂੰ ਹਿਲਾ ਦੇਣ ਵਾਲੇ ਧਮਾਕੇ ਦੀ ਪੁਲੀਸ ਵੱਲੋਂ ਕੀਤੀ ਜਾਂਚ ਤੋਂ ਇੱਕ ਹੈਰਾਨਕੁਨ ਖੁਲਾਸਾ ਹੋਇਆ ਹੈ। ਗ਼ੌਰਤਲਬ ਹੈ ਕਿ ਧਮਾਕਾ ਬੁੱਧਵਾਰ ਨੂੰ ਸੱਤ ਮੰਜ਼ਿਲਾ ਇਮਾਰਤ ਵਿੱਚ ਹੋਇਆ ਅਤੇ ਇਸ ਕਾਰਨ ਇਕ ਕੰਟੈਂਟ ਕ੍ਰੀਏਟਰ ਜੋੜਾ ਗੰਭੀਰ ਜ਼ਖਮੀ ਹੋ ਗਿਆ ਹੈ। ਇਨ੍ਹਾਂ ਦੀ ਪਛਾਣ ਰਚਨਾ ਜਾਟ ਅਤੇ ਅਨਿਲ ਜਾਟ ਵਜੋਂ ਹੋਈ ਹੈ।
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਧਮਾਕੇ ਕਾਰਨ ਜ਼ਖ਼ਮੀ ਹੋਏ ਦੋਵੇਂ ਮੁਟਿਆਰ ਤੇ ਨੌਜਵਾਨ ਅਸਲ ਵਿਚ ਸੋਸ਼ਲ ਮੀਡੀਆ ਉਤੇ ਰੀਲਾਂ ਬਣਾ ਕੇ ਪਾਉਣ ਵਾਲੇ ਹਨ, ਜੋ ਆਪਸ ਵਿਚ ਰਿਸ਼ਤੇਦਾਰ ਦੱਸੇ ਜਾਂਦੇ ਹਨ। ਧਮਾਕੇ ਵੇਲੇ ਉਹ ਆਪਣੀ ਵੀਡੀਓ ਵਿੱਚ ਵਿਸ਼ੇਸ਼ ਪ੍ਰਭਾਵ ਸਿਰਜਣ ਲਈ ਬਹੁਤ ਜ਼ਿਆਦਾ ਜਲਣਸ਼ੀਲ ਰਸੋਈ ਗੈਸ ਦੀ ਵਰਤੋਂ ਕਰ ਰਹੇ ਸਨ, ਜੋ ਧਮਾਕੇ ਦਾ ਕਾਰਨ ਬਣੀ।
ਜਦੋਂ ਧਮਾਕਾ ਹੋਇਆ ਤਾਂ ਪੀੜਤ ਇੱਕ ਸੀਲਬੰਦ ਕਮਰੇ ਵਿੱਚ ਫਿਲਮ ਬਣਾ ਰਹੇ ਸਨ। ਆਪਣੇ ਵੀਡੀਓ ਦੇ ਵਿਜ਼ੂਅਲ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ, ਉਨ੍ਹਾਂ ਇੱਕ ਰਸੋਈ ਗੈਸ ਸਿਲੰਡਰ ਦੀ ਨੋਬ ਖੋਲ੍ਹੀ, ਜਿਸ ਕਾਰਨ ਕਮਰੇ ਵਿੱਚ ਬਹੁਤ ਜ਼ਿਆਦਾ ਜਲਣਸ਼ੀਲ ਤਰਲ ਪੈਟਰੋਲੀਅਮ ਗੈਸ ਭਰ ਗਈ।
ਸਥਿਤੀ ਨੇ ਉਦੋਂ ਖ਼ਤਰਨਾਕ ਮੋੜ ਲੈ ਲਿਆ ਜਦੋਂ ਉਨ੍ਹਾਂ ਨੇ ਇੱਕ ਹੈਲੋਜਨ ਲੈਂਪ ਚਾਲੂ ਕੀਤਾ ਅਤੇ ਇਸ ਨਾਲ ਗੈਸ ਭੜਕ ਗਈ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ। ਇੱਕ ਜਾਂਚ ਅਧਿਕਾਰੀ ਨੇ ਵਿਸਥਾਰ ਵਿੱਚ ਦੱਸਿਆ ਕਿ ਇਸ ਘਟਨਾ ਦੇ ਨਤੀਜੇ ਵਜੋਂ ਦੋਵੇਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਰਚਨਾ ਜਾਟ ਹਾਦਸੇ ਵਾਲੀ ਇਮਾਰਤ ਵਿੱਚ ਦੋ ਫਲੈਟਾਂ ਦੀ ਮਾਲਕ ਦੱਸੀ ਜਾ ਰਹੀ ਹੈ। ਦੋਵੇਂ ਪੀੜਤ ਲਗਭਗ 35 ਸਾਲ ਦੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਹਿਲੀ ਮੰਜ਼ਿਲ 'ਤੇ ਹੋਏ ਧਮਾਕੇ ਨੇ ਇਮਾਰਤ ਅਤੇ ਇਸਦੇ ਆਲੇ ਦੁਆਲੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਧਮਾਕੇ ਦੀ ਸ਼ਿੱਦਤ ਕਾਰਨ ਆਲੇ-ਦੁਆਲੇ ਦੇ ਫਲੈਟਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਤੱਕ ਵਿੱਚ ਤਰੇੜਾਂ ਪੈ ਗਈਆਂ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ। ਇਸ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ।
ਨੁਕਸਾਨ ਦਾ ਮੁਲਾਂਕਣ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਬੰਬ ਰੋਕੂ ਦਸਤੇ ਅਤੇ ਫੋਰੈਂਸਿਕ ਮਾਹਿਰਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜੋੜੇ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾ ਸਿਰਫ਼ ਆਪਣੀ ਜਾਨ, ਸਗੋਂ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇੜਲੇ ਢਾਂਚੇ ਨੂੰ ਹੋਏ ਵਿਆਪਕ ਨੁਕਸਾਨ ਲਈ ਵਾਧੂ ਦੋਸ਼ ਆਇਦ ਕਰਨ 'ਤੇ ਵੀ ਵਿਚਾਰ ਕਰ ਰਹੇ ਹਨ। -ਆਈਏਐਨਐਸ