ਲਾਲ ਕਿਲਾ ਧਮਾਕਾ: ਯੂ ਏ ਪੀ ਏ ਤਹਿਤ ਕੇਸ ਦਰਜ
ਐੱਨ ਆਈ ਏ ਨੇ ਘਟਨਾ ਦੀ ਜਾਂਚ ਸੰਭਾਲੀ; ਪੁਲਵਾਮਾ ਦਾ ਡਾਕਟਰ ਚਲਾ ਰਿਹਾ ਸੀ ਕਾਰ; ਡਾਕਟਰ ਦੀ ਮਾਂ ਦਾ ਡੀ ਐੱਨ ਏ ਨਮੂਨਾ ਲਿਆ; ਪਿਤਾ ਨੂੰ ਹਿਰਾਸਤ ਵਿੱਚ ਲਿਆ
ਲਾਲ ਕਿਲੇ ਨੇੜੇ ਹੋਏ ਲੰਘੀ ਸ਼ਾਮ ਹੋਏ ਧਮਾਕੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਹਵਾਲੇ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਪੁਲਵਾਮਾ ਦੇ ਡਾਕਟਰ ’ਤੇ ਧਿਆਨ ਕੇਂਦਰਿਤ ਕੀਤਾ ਜੋ ਧਮਾਕੇ ਵਾਲੀ ਕਾਰ ਚਲਾ ਰਿਹਾ ਸੀ ਅਤੇ ਉਸ ਦਾ ਸਬੰਧ ਮੁੱਖ ਤੌਰ ’ਤੇ ਫਰੀਦਾਬਾਦ ਤੋਂ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਨਾਲ ਪਰਦਾਫਾਸ਼ ਕੀਤੇ ਗਏ ਅਤਿਵਾਦੀ ਮੌਡਿਊਲ ਨਾਲ ਸੀ। ਮੰਨਿਆ ਜਾ ਰਿਹਾ ਹੈ ਕਿ ਲੰਘੀ ਸ਼ਾਮ ਹੋਏ ਧਮਾਕੇ ’ਚ ਡਾ. ਉਮਰ ਨਬੀ ਦੀ ਮੌਤ ਹੋ ਗਈ ਜਿਸ ’ਚ ਘੱਟ ਤੋਂ ਘੱਟ 12 ਲੋਕ ਮਾਰੇ ਗਏ ਸਨ। ਜੰਮੂ ਕਸ਼ਮੀਰ ਪੁਲੀਸ ਨੇ ਅੱਜ ਹਮਲੇ ਨਾਲ ਸਬੰਧ ਸਥਾਪਤ ਕਰਨ ਲਈ ਡਾ. ਉਮਰ ਨਬੀ ਦੀ ਮਾਂ ਦਾ ਡੀ ਐੱਨ ਏ ਨਮੂਨਾ ਲਿਆ ਹੈ। ਸ੍ਰੀਨਗਰ ਦੇ ਅਧਿਕਾਰੀ ਨੇ ਕਿਹਾ, ‘‘ਅਸੀਂ ਧਮਾਕੇ ਵਾਲੀ ਥਾਂ ਤੋਂ ਮਿਲੇ ਅੰਗਾਂ ਨਾਲ ਮਿਲਾਨ ਲਈ ਡੀ ਐੱਨ ਏ ਨਮੂਨਾ ਲਿਆ ਹੈ।’’ ਐੱਨ ਆਈ ਏ ਨੂੰ ਮਾਮਲੇ ਦੀ ਜਾਂਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਸੁਰੱਖਿਆ ਸਮੀਖਿਆ ਮੀਟਿੰਗ ਸੌਂਪੀ ਗਈ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਇਸ ਧਮਾਕੇ ਨੂੰ ਸਰਕਾਰ ਅਤਿਵਾਦੀ ਕਾਰਵਾਈ ਮੰਨ ਰਹੀ ਹੈ; ਐੱਨ ਆਈ ਏ ਨੂੰ ਸਿਰਫ਼ ਅਤਿਵਾਦੀ ਮਾਮਲਿਆਂ ਦੀ ਜਾਂਚ ਦਾ ਅਧਿਕਾਰ ਹੈ।
ਲਾਲ ਕਿਲੇ ਨੇੜੇ ਧਮਾਕਾ ਜੈਸ਼-ਏ-ਮੁਹੰਮਦ ਅਤੇ ਅਨਸਾਰ ਗ਼ਜ਼ਵਤ-ਉਲ-ਹਿੰਦ ਨਾਲ ਜੁੜੇ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕਰਨ ਅਤੇ 2900 ਕਿਲੋ ਧਮਾਕਖੇਜ਼ ਸਮੱਗਰੀ ਜ਼ਬਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਇਆ ਸੀ। ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਡਾ. ਮੁਜ਼ੰਮਿਲ ਗਨਈ ਅਤੇ ਡਾ. ਸ਼ਾਹੀਨ ਸਈਦ ਵੀ ਸ਼ਾਮਲ ਸਨ ਜੋ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਨਾਲ ਸਬੰਧਤ ਸਨ ਜਿੱਥੋਂ 360 ਕਿਲੋ ਅਮੋਨੀਅਮ ਨਾਈਟਰੇਟ ਬਰਾਮਦ ਕੀਤਾ ਗਿਆ ਸੀ।
ਮਾਮਲੇ ਦੀ ਜਾਂਚ ਕਰ ਰਹੀ ਟੀਮ ਅਨੁਸਾਰ ਸ਼ਾਹੀਨ ਭਾਰਤ ’ਚ ਜੈਸ਼-ਏ-ਮੁਹੰਮਦ ਦੀ ਇਸਤਰੀ ਭਰਤੀ ਬ੍ਰਾਂਚ ਦੀ ਅਗਵਾਈ ਕਰ ਰਹੀ ਸੀ। ਉਹ ਸਮੂਹ ਦੀ ਔਰਤ ਬ੍ਰਾਂਚ ਜਮਾਤ-ਉਲ-ਮੋਮਿਨਾਤ ਦੀ ਮੁਖੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਮਰ ਜੋ ਅਲ ਫਲਾਹ ਨਾਲ ਵੀ ਜੁੜਿਆ ਸੀ ਤੇ ਮੰਨਿਆ ਜਾਂਦਾ ਹੈ ਕਿ ਉਹ ਆਈ-20 ਕਾਰ ਚਲਾ ਰਿਹਾ ਸੀ ਜਿਸ ’ਚ ਭਿਆਨਕ ਧਮਾਕਾ ਹੋਇਆ। ਅਧਿਕਾਰੀਆਂ ਅਨੁਸਾਰ ਉਸ ਨੇ ਕਥਿਤ ਤੌਰ ’ਤੇ ਇਹ ਦਹਿਸ਼ਤੀ ਹਮਲਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਉਹ ਆਪਣੇ ਸਾਥੀ ਡਾਕਟਰਾਂ ਦੀ ਤਰ੍ਹਾਂ ਫੜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲੇਥਪੁਰਾ ਦਾ ਇਹ ਡਾਕਟਰ ਕਥਿਤ ਤੌਰ ’ਤੇ ਕਾਰ ’ਚ ਧਮਾਕਾਖੇਜ਼ ਸਮੱਗਰੀ (ਸੰਭਵ ਤੌਰ ’ਤੇ ਅਮੋਨੀਅਮ ਨਾਈਟਰੇਟ) ਲਿਜਾ ਰਿਹਾ ਸੀ। ਆਤਮਘਾਤੀ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਟਰੈਫਿਕ ਸਿਗਨਲ ਨੇੜੇ ਹੌਲੀ ਰਫ਼ਤਾਰ ਨਾਲ ਚਲਦੀ ਹੋਈ ਕਾਰ ’ਚ ਹੋਏ ਧਮਾਕੇ ਵਿੱਚ ਅਮੋਨੀਅਮ ਨਾਈਟਰੇਟ, ਈਂਧਨ ਤੇਲ ਤੇ ਡੈਟੋਨੇਟਰ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਾਰਿਕ ਨਾਂ ਦੇ ਵਿਅਕਤੀ ਨੇ ਉਮਰ ਨੂੰ ਆਈ20 ਕਾਰ ਦਿੱਤੀ ਸੀ ਅਤੇ ਹੁਣ ਉਹ ਹਿਰਾਸਤ ਵਿਚ ਹੈ। ਦਿੱਲੀ ਪੁਲੀਸ, ਐੱਨ ਆਈ ਏ ਅਤੇ ਖੁਫੀਆ ਏਜੰਸੀਆਂ ਦੀਆਂ ਟੀਮਾਂ ਦਿੱਲੀ ਤੇ ਕਸ਼ਮੀਰ ਤੱਕ ਫੈਲ ਗਈਆਂ ਹਨ। ਕਸ਼ਮੀਰ ’ਚ ਛਾਪਿਆਂ ਦੌਰਾਨ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਦਿੱਲੀ ਪੁਲੀਸ ਨੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਅਤੇ ਧਮਾਕਾਖੇਜ਼ ਸਮੱਗਰੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਜਿਸ ਕਾਰ ’ਚ ਧਮਾਕਾ ਹੋਇਆ ਉਸ ਦੀ ਸੀ ਸੀ ਟੀ ਵੀ ਫੁਟੇਜ ’ਚ ‘ਨਕਾਬਪੋਸ਼ ਵਿਅਕਤੀ’ ਕਾਰ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦਿੱਲੀ ਵਿਚ ਵੀ ਪੁਲੀਸ ਥਾਂ-ਥਾਂ ’ਤੇ ਜਾਂਚ ਕਰ ਰਹੀ ਹੈ। ਇਸੇ ਦੌਰਾਨ ਡਾ. ਉਮਰ ਨਬੀ ਦੀ ਭਾਬੀ ਮੁਜ਼ਮਿਲ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਆਪ ’ਚ ਰਹਿਣ ਵਾਲਾ ਸੀ। ਉਮਰ ਅਜਿਹਾ ਨਹੀਂ ਹੈ ਜੋ ਅਤਿਵਾਦੀ ਸਰਗਰਮੀਆਂ ’ਚ ਸ਼ਾਮਲ ਹੋਵੇ। ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਪੁਲੀਸ ਨੇ ਉਸ ਕਾਰ ਦੇ ਚਾਲਕ ਦੇ ਪਿਤਾ ਗੁਲਾਮ ਨਬੀ ਭੱਟ ਨੂੰ ਵੀ ਹਿਰਾਸਤ ’ਚ ਲਿਆ ਹੈ ਜਿਸ ਵਿੱਚ ਬੀਤੇ ਦਿਨ ਧਮਾਕਾ ਹੋਇਆ ਸੀ। ਕਾਰ ਵੀ ਖਰੀਦ-ਵੇਚ ਨਾਲ ਜੁੜੇ ਤਿੰਨ ਹੋਰ ਜਣੇ ਵੀ ਪੁੱਛ-ਪੜਤਾਲ ਲਈ ਹਿਰਾਸਤ ’ਚ ਲਏ ਹਨ। ਪੁਲੀਸ ਨੇ ਗੁਰੂਗ੍ਰਾਮ ਦੇ ਇੱਕ ਸ਼ਖ਼ਸ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਹੈ; ਧਮਾਕੇ ਲਈ ਵਰਤੀ ਗਈ ਕਾਰ ਦਾ ਪਹਿਲਾ ਮਾਲਕ 2016 ਤੋਂ 2020 ਵਿਚਾਲੇ ਉਸ ਦਾ ਕਿਰਾਏਦਾਰ ਸੀ। ਇਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਧਮਾਕੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ, ਪੱਕੇ ਤੌਰ ’ਤੇ ਅਪਾਹਜ ਹੋਇਆਂ ਲਈ 5-5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ।
ਸਾਜ਼ਿਸ਼ਘਾੜੇ ਬਖਸ਼ੇ ਨਹੀਂ ਜਾਣਗੇ: ਮੋਦੀ
ਥਿੰਫੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦਿੱਲੀ ਕਾਰ ਧਮਾਕੇ ਦੇ ਸਾਜ਼ਿਸ਼ਘਾੜੇ ਬਖਸ਼ੇ ਨਹੀਂ ਜਾਣਗੇ; ਜਾਂਚ ’ਚ ਜੁਟੀਆਂ ਏਜੰਸੀਆਂ ਮਾਮਲੇ ਦੀ ਤਹਿ ਤੱਕ ਜਾ ਕੇ ਘਟਨਾ ਲਈ ਜ਼ਿੰਮੇਵਾਰਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨਗੀਆਂ। ਇਹ ਗੱਲ ਉਨ੍ਹਾਂ ਭੂਟਾਨ ਦੇ ਸਾਬਕਾ ਨਰੇਸ਼ ਜਿਗਮੇ ਸਿੰਗਯੇ ਵਾਂਗਚੁਕ ਦੇ 70ਵੇਂ ਜਨਮ ਦਿਨ ਮੌਕੇ ਚਾਂਗਲੀਮੇਥਾਂਗ ਸਟੇਡੀਅਮ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਉਹ ‘ਬਹੁਤ ਭਰੇ ਨਾਲ ਮਨ ਨਾਲ’ ਇੱਥੇ ਆਏ ਹਨ। ਸ੍ਰੀ ਮੋਦੀ ਨੇ ਕਿਹਾ, ‘‘ਕੱਲ੍ਹ ਦਿੱਲੀ ’ਚ ਵਾਪਰੀ ਘਟਨਾ ਨੇ ਸਭ ਨੂੰ ਦੁਖੀ ਕੀਤਾ ਹੈ। ਮੈਂ, ਪੀੜਤ ਪਰਿਵਾਰਾਂ ਦਾ ਦਰਦ ਸਮਝ ਸਕਦਾ ਹਾਂ। ਅੱਜ ਪੂਰਾ ਮੁਲਕ ਉਨ੍ਹਾਂ ਦੇ ਨਾਲ ਖੜ੍ਹਾ ਹੈ।’’ ਇਸ ਮੌਕੇ ਸਟੇਡੀਅਮ ’ਚ ਮੌਜੂਦ ਹਜ਼ਾਰਾਂ ਭੂਟਾਨੀਆਂ ਨੇ ਦਿੱਲੀ ਧਮਾਕੇ ਦੇ ਪੀੜਤਾਂ ਲਈ ਪ੍ਰਾਰਥਨਾ ਕੀਤੀ। -ਪੀਟੀਆਈ
ਸ਼ਾਹ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਦੇ ਹੁਕਮ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੁਰੱਖਿਆ ਏਜੰਸੀਆਂ ਨੂੰ ਦਿੱਲੀ ਧਮਾਕੇ ਪਿੱਛੇ ਹਰ ਦੋਸ਼ੀ ਦੀ ਭਾਲ ਕਰਨ ਦਾ ਨਿਰਦੇਸ਼ ਦਿੱਤਾ ਜਿਸ ’ਚ 12 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਸ਼ਾਮਲ ਹਰ ਸ਼ਖ਼ਸ ਨੂੰ ਸੁਰੱਖਿਆ ਏਜੰਸੀਆਂ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਗੱਲ ਲਾਲ ਕਿਲੇ ਧਮਾਕੇ ਮਗਰੋਂ ਦੋ ਸੁਰੱਖਿਆ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਹੀ। ਸ੍ਰੀ ਸ਼ਾਹ ਨੇ ਪਹਿਲੀ ਮੀਟਿੰਗ ਸਵੇਰੇ ਅਤੇ ਦੂਜੀ ਬਾਅਦ ਦੁਪਹਿਰ ਕੀਤੀ। ਇਸੇ ਦੌਰਾਨ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਐੱਨ ਆਈ ਨੂੰ ਸੌਂਪ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪਹਿਲੀ ਮੀਟਿੰਗ ’ਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਖੁਫੀਆ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਪੁਲੀਸ ਦੇ ਕਮਿਸ਼ਨਰ ਸਤੀਸ਼ ਗੋਲਚਾ ਅਤੇ ਐੱਨ ਆਈ ਏ ਦੇ ਡਾਇਰੈਕਟਰ ਜਨਰਲ ਸਦਾਨੰਦ ਵਸੰਤ ਦਾਤੇ ਸ਼ਾਮਲ ਹੋਏ। ਮੀਟਿੰਗ ’ਚ ਜੰਮੂ ਕਸ਼ਮੀਰ ਦੇ ਡੀ ਜੀ ਪੀ ਨਲਿਨ ਪ੍ਰਭਾਤ ਵੀ ਆਨਲਾਈਨ ਜੁੜੇ ਸਨ। ਮੀਟਿੰਗ ’ਚ ਅਧਿਕਾਰੀਆਂ ਨੇ ਧਮਾਕੇ ਤੋਂ ਬਾਅਦ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਦੀ ਸੁਰੱਖਿਆ ਸਮੀਖਿਆ ਮੀਟਿੰਗ ’ਚ ਵੀ ਤਕਰੀਬਨ ਇਹੀ ਅਧਿਕਾਰੀ ਸ਼ਾਮਲ ਹੋਏ।
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਅੱਜ
ਨਵੀਂ ਦਿੱਲੀ (ਟਨਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀ ਸੀ ਐੱਸ) ਦੀ ਮੀਟਿੰਗ 12 ਨਵੰਬਰ ਨੂੰ ਹੋਵੇਗੀ ਜਿਸ ਵਿੱਚ ਲਾਲ ਕਿਲਾ ਧਮਾਕੇ ਮਗਰੋਂ ਬਣੇ ਹਾਲਾਤ ਬਾਰੇ ਸਮੀਖਿਆ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੀਟਿੰਗ ਦੌਰਾਨ ਆਪਣੀ ਰਿਪੋਰਟ ਪੇਸ਼ ਕਰਨਗੇ। ਕਮੇਟੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਸ਼ਾਮਲ ਹਨ। ਅਧਿਕਾਰੀ ਇਸ ਘਟਨਾ ਦਾ ਸਬੰਧ ਅਤਿਵਾਦ ਨਾਲ ਹੋਣ ਦੀ ਅਧਿਕਾਰਤ ਪੁਸ਼ਟੀ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਕਿਸੇ ਵੀ ਅਤਿਵਾਦੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

