Red Fort attack ਮਕਬੂਜ਼ਾ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਨਵਰਉੱਲ ਹੱਕ ਵੱਲੋਂ ਹਮਲੇ ਵਿੱਚ ਸਰਹੱਦ ਪਾਰੋਂ ਹੱਥ ਹੋਣ ਦਾ ਸੰਕੇਤ
ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਮਕਬੂਜ਼ਾ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਨਵਰਉਲ ਹੱਕ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਵਿਚ ਉਸ ਨੂੰ ਕੈਮਰੇ ’ਤੇ ‘ਲਾਲ ਕਿਲ੍ਹੇ ਤੋਂ ਕਸ਼ਮੀਰ ਦੇ ਜੰਗਲਾਂ ਤੱਕ’ ਭਾਰਤ ਉੱਤੇ ਹਮਲਾ ਕਰਨ ਬਾਰੇ ‘ਸ਼ੇਖੀ ਮਾਰਦਿਆਂ’ ਦੇਖਿਆ ਜਾ ਸਕਦਾ ਹੈ।
ਤੇਜ਼ੀ ਨਾਲ ਵਾਇਰਲ ਹੋ ਰਹੀ ਬਿਨਾਂ ਤਰੀਕ ਵਾਲੀ ਇਸ ਵੀਡੀਓ ਵਿਚ ਹੱਕ ਕਹਿੰਦਾ ਹੈ, ‘‘ਮੈਂ ਪਹਿਲਾਂ ਕਿਹਾ ਸੀ ਕਿ ਜੇਕਰ ਤੁਸੀਂ ਬਲੋਚਿਸਤਾਨ ਨੂੰ ਖੂਨ ਨਾਲ ਰੰਗਦੇ ਰਹੋਗੇ, ਤਾਂ ਅਸੀਂ ਲਾਲ ਕਿਲ੍ਹੇ ਤੋਂ ਕਸ਼ਮੀਰ ਦੇ ਜੰਗਲਾਂ ਤੱਕ ਭਾਰਤ ’ਤੇ ਹਮਲਾ ਕਰਾਂਗੇ। ਅੱਲ੍ਹਾ ਦੀ ਮਿਹਰ ਨਾਲ, ਅਸੀਂ ਇਹ ਕਰ ਲਿਆ ਹੈ, ਅਤੇ ਉਹ ਅਜੇ ਵੀ ਸਾਰੀਆਂ ਲਾਸ਼ਾਂ ਦੀ ਗਿਣਤੀ ਨਹੀਂ ਕਰ ਸਕੇ ਹਨ।’’
ਆਨਲਾਈਨ ਯੂਜ਼ਰਜ਼ ਨੇ ਹੱਕ ਦੇ ਇਸ ਬਿਆਨ ਨੂੰ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਨਾਲ ਜੋੜਿਆ ਹੈ। ਇਸ ਕਲਿੱਪ ਨੇ ਸੁਰੱਖਿਆ ਹਲਕਿਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਟ੍ਰਿਬਿਊਨ ਆਪਣੇ ਪੱਧਰ ’ਤੇ ਵੀਡੀਓ ਦੀ ਪ੍ਰਮਾਣਿਕਤਾ ਜਾਂ ਤਰੀਕ ਦੀ ਪੁਸ਼ਟੀ ਨਹੀਂ ਕਰ ਸਕਿਆ। ਹਾਲਾਂਕਿ, ਲਾਲ ਕਿਲ੍ਹੇ ਦਾ ਸਪੱਸ਼ਟ ਹਵਾਲਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਵੀਡੀਓ ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਤੋਂ ਕਰੀਬ ਇਕ ਹਫ਼ਤੇ ਬਾਅਦ ਸਾਹਮਣੇ ਆਇਆ ਹੈ। ਕਾਰ ਧਮਾਕੇ ਵਿਚ 15 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ।
ਇਸ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵਿਸਫੋਟਕਾਂ ਨਾਲ ਭਰੀ ਕਾਰ ਦੇ ਮ੍ਰਿਤਕ ਡਰਾਈਵਰ ਦੀ ਪਛਾਣ ਪੁਲਵਾਮਾ ਦੇ ਉਮਰ ਉਨ ਨਬੀ ਵਜੋਂ ਕੀਤੀ ਹੈ, ਜੋ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸੀ। ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਉਹ ਇੱਕ ਆਤਮਘਾਤੀ ਹਮਲਾਵਰ ਬਣ ਗਿਆ ਸੀ। ਐਨਆਈਏ ਹਮਲੇ ਦੇ ਪਿਛਲੀ ਵਡੇਰੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਕਈ ਸੁਰਾਗਾਂ ਦੀ ਭਾਲ ਕਰ ਰਹੀ ਹੈ।
ਏਜੰਸੀ ਨੇ ਜਾਂਚ ਦੇ ਹਿੱਸੇ ਵਜੋਂ ਹੁਣ ਤੱਕ 70 ਤੋਂ ਵੱਧ ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ। ਏਜੰਸੀ ਅਤਿਵਾਦੀ ਘਟਨਾ ਦੀ ਸਾਜ਼ਿਸ਼ ਰਚਣ ਵਿੱਚ ਕਥਿਤ ਤੌਰ ’ਤੇ ਸ਼ਾਮਲ ‘ਵ੍ਹਾਈਟ ਕਾਲਰ’ ਮੌਡਿਊਲ ਦੇ ਗ੍ਰਿਫਤਾਰ ਮੈਂਬਰਾਂ ਦੀਆਂ ਡਿਜੀਟਲ ਪੈੜਾਂ ਨੱਪਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਹਾਲਾਂਕਿ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਕਥਿਤ ਤੌਰ ’ਤੇ ਸਾਜ਼ਿਸ਼ਘਾੜਿਆਂ ਦੇ ਪਿੱਛੇ ਹੋਣ ਦੇ ਸੰਕੇਤ ਮਿਲੇ ਹਨ, ਪਰ ਤਫ਼ਤੀਸ਼ਕਾਰਾਂ ਨੂੰ ਅਜੇ ਤੱਕ ਮੌਡਿਊਲ ਮੈਂਬਰਾਂ ਅਤੇ ਉਨ੍ਹਾਂ ਦੇ ਦੱਸੇ ਗਏ ਹੈਂਡਲਰਾਂ ਵਿਚਕਾਰ ਕੋਈ ਸਿੱਧਾ ਡਿਜੀਟਲ ਸਬੂਤ ਨਹੀਂ ਮਿਲਿਆ ਹੈ, ਭਾਵੇਂ ਕਿ ਘਟਨਾ ਤੋਂ ਬਾਅਦ ਗ੍ਰਿਫਤਾਰੀਆਂ ਵਿੱਚ ਵਾਧਾ ਹੋਇਆ ਹੈ।

