ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਜਗਦੀਪ ਧਨਖੜ ਦੇ ਉਪ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਅਸਲ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਧਨਖੜ ਨੂੰ ਦੱਸਣਾ ਹੋਵੇਗਾ ਕਿ ਅਸਲ ਵਿੱਚ ਕੀ ਹੋਇਆ ਸੀ ਕਿਉਂਕਿ ਮਾਮਲਾ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਲੇ ਦਾ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਧਨਖੜ ਨੇ ਹਮੇਸ਼ਾ ਸਰਕਾਰ ਦਾ ਪੱਖ ਲਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਰੋਧੀ ਧਿਰ ਨੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਕਿਸਾਨਾਂ ਜਾਂ ਗਰੀਬਾਂ ਨਾਲ ਸਬੰਧਤ ਹੋਣ ਜਾਂ ਵਿਦੇਸ਼ ਨੀਤੀ ਨਾਲ ਜੁੜੇ ਹੋਣ, ਧਨਖੜ ਨੇ ਕਦੇ ਵੀ ਵਿਰੋਧੀ ਧਿਰ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਹ ਪੁੱਛੇ ਜਾਣ ’ਤੇ ਕਿ ਕੀ ਧਨਖੜ ਨੂੰ ਕਿਸਾਨਾਂ ਦੇ ਪੱਖ ਵਿੱਚ ਬੋਲਣ ਕਾਰਨ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ, ਇਸ ’ਤੇ ਖੜਗੇ ਨੇ ਕਿਹਾ, ‘‘ਮੈਨੂੰ ਇਹ ਸਭ ਜਾਣਕਾਰੀ ਨਹੀਂ ਹੈ। ਧਨਖੜ ਹਮੇਸ਼ਾ ਸਰਕਾਰ ਦੇ ਪੱਖ ਵਿੱਚ ਰਹੇ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਹੋਇਆ ਸੀ।’’
ਖੜਗੇ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਦੋਂ ਅਸੀਂ ਕਿਸਾਨਾਂ, ਗਰੀਬਾਂ, ਕੌਮਾਂਤਰੀ ਮੁੱਦਿਆਂ ਜਾਂ ਵਿਦੇਸ਼ ਨੀਤੀ ਨਾਲ ਸਬੰਧਤ ਕਈ ਮੁੱਦੇ ਉਠਾਏ ਤਾਂ ਉਨ੍ਹਾਂ ਨੇ (ਰਾਜ ਸਭਾ ਵਿੱਚ ਸਭਾਪਤੀ ਵਜੋਂ) ਸਾਨੂੰ ਕਦੇ ਮੌਕਾ ਨਹੀਂ ਦਿੱਤਾ।’’ ਉਨ੍ਹਾਂ ਕਿਹਾ, ‘‘ਜਦੋਂ ਅਸੀਂ ਗਰੀਬਾਂ, ਔਰਤਾਂ, ਦਲਿਤਾਂ ਅਤੇ ਸਹੂਲਤਾਂ ਤੋਂ ਵਾਂਝੇ ਲੋਕਾਂ ’ਤੇ ਅੱਤਿਆਚਾਰ ਅਤੇ ਹਿੰਦੂ-ਮੁਸਲਮਾਨ ਟਕਰਾਅ ਵਰਗੇ ਮੁੱਦਿਆਂ ’ਤੇ ਨੋਟਿਸ ਦੇ ਕੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਸਾਨੂੰ ਮੌਕਾ ਨਹੀਂ ਦਿੱਤਾ। ਇਹ ਧਨਖੜ ਤੇ ਮੋਦੀ ਦੇ ਵਿਚਾਲੇ ਦਾ ਮਾਮਲਾ ਹੈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।’’
‘ਅਪਰੇਸ਼ਨ ਸਿੰਧੂਰ’ ਬਾਰੇ ਬਹਿਸ: ‘ਦੇਰ ਆਏ ਦਰੁਸਤ ਆਏ’
ਨਵੀਂ ਦਿੱਲੀ: ਸੰਸਦ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਹੋਣ ਵਾਲੀ ਚਰਚਾ ਤੋਂ ਪਹਿਲਾਂ ਕਾਂਗਰਸ ਨੇ ਅੱਜ ਬਹਿਸ ਦੇ ਪਿਛੋਕੜ ਵਿੱਚ ਹੋਈਆਂ ਘਟਨਾਵਾਂ ਨੂੰ ਦੁਹਰਾਇਆ ਜਿਨ੍ਹਾਂ ਵਿੱਚ ਪ੍ਰਮੁੱਖ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ 10 ਮਈ ਤੋਂ 26 ਵਾਰ ਇਹ ਦਾਅਵਾ ਕਰਨਾ ਕਿ ਉਨ੍ਹਾਂ ਨੇ ਭਾਰਤ ਨਾਲ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ‘ਅਪਰੇਸ਼ਨ ਸਿੰਧੂਰ’ ਨੂੰ ਰੋਕਿਆ ਸੀ, ਵੀ ਸ਼ਾਮਲ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਇਹ ਬਹਿਸ ਲੰਬੇ ਸਮੇਂ ਤੋਂ ਬਕਾਇਆ ਸੀ, ਪਰ ‘ਦੇਰ ਆਏ ਦਰੁਸਤ ਆਏ।’’ ਪਾਰਟੀ ਆਗੂ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ, ‘‘ਲੋਕ ਸਭਾ ਵਿੱਚ ਪਹਿਲਗਾਮ ਘਟਨਾ ਤੇ ਅਪਰੇਸ਼ਨ ਸਿੰਧੂਰ ਬਾਰੇ 16 ਘੰਟੇ ਦੀ ਬਹਿਸ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਰਾਜ ਸਭਾ ਵਿੱਚ ਇਹ ਬਹਿਸ ਮੰਗਲਵਾਰ ਤੋਂ ਸ਼ੁਰੂ ਹੋਣੀ ਹੈ। ਕਾਂਗਰਸ ਨੇ ‘ਅਪਰੇਸ਼ਨ ਸਿੰਧੂਰ’ ਦੇ ਅਚਾਨਕ ਰੁਕਣ ਤੋਂ ਤੁਰੰਤ ਬਾਅਦ ਸੰਸਦ ਦਾ ਇੱਕ ਵਿਸ਼ੇਸ਼ ਦੋ ਦਿਨਾ ਇਜਲਾਸ ਸੱਦਣ ਦੀ ਮੰਗ ਕੀਤੀ ਸੀ। ਉਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਫਿਰ ਵੀ, ਦੇਰ ਆਏ ਦਰੁਸਤ ਆਏ।’’
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਹ ਵੀ ਉਜਾਗਰ ਕੀਤਾ ਕਿ 10 ਮਈ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 26 ਵਾਰ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਨਾਲ ਵਪਾਰਕ ਸਬੰਧ ਤੋੜਨ ਦੀ ਧਮਕੀ ਦੇ ਕੇ ‘ਅਪਰੇਸ਼ਨ ਸਿੰਧੂਰ’ ਨੂੰ ਰੋਕ ਦਿੱਤਾ ਸੀ। -ਪੀਟੀਆਈ