ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ ਟੈਰਿਫ ਵਧਾਉਣ ਦੀਆਂ ਧਮਕੀਆਂ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਪ੍ਰਮੁੱਖ ਨੀਤੀਗਤ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ। ਆਰਬੀਆਈ ਗਵਰਨਰ ਸੰਜੈ ਮਲਹੋਤਰਾ ਦੀ ਅਗਵਾਈ ਹੇਠਲੀ ਛੇ ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਦਰ 5.5 ਫ਼ੀਸਦ ’ਤੇ ਕਾਇਮ ਰੱਖਣ ਅਤੇ ਨਿਰਪੱਖ ਮੁਦਰਾ ਨੀਤੀ ਰੱਖਣ ਦਾ ਫ਼ੈਸਲਾ ਲਿਆ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ ਲਈ ਪਰਚੂਨ ਮਹਿੰਗਾਈ ਦਰ ਦੇ ਅਨੁਮਾਨ ਨੂੰ ਘਟਾ ਕੇ 3.1 ਫ਼ੀਸਦ ਕਰ ਦਿੱਤਾ ਹੈ, ਜਦੋਂ ਕਿ ਪਹਿਲਾਂ ਇਹ 3.7 ਫ਼ੀਸਦ ਰਹਿਣ ਦਾ ਅਨੁਮਾਨ ਸੀ। ਰੈਪੋ ਉਹ ਵਿਆਜ ਦਰ ਹੈ, ਜਿਸ ’ਤੇ ਵਪਾਰਕ ਬੈਂਕ ਆਪਣੀਆਂ ਫੌਰੀ ਜ਼ਰੂਰਤਾਂ ਪੂਰੀਆਂ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੇ ਹਨ। ਰੈਪੋ ਦਰ ਵਿੱਚ ਕੋਈ ਫੇਰਬਦਲ ਨਾ ਕਰਨ ’ਤੇ ਘਰ ਅਤੇ ਵਾਹਨ ਸਮੇਤ ਹੋਰ ਕਰਜ਼ਿਆਂ ’ਤੇ ਵਿਆਜ ਦਰ ਵਿੱਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਇਸ ਸਾਲ ਫਰਵਰੀ ਤੋਂ ਰੈਪੋ ਦਰ ਵਿੱਚ ਇੱਕ ਫ਼ੀਸਦ ਕਟੌਤੀ ਕੀਤੀ ਸੀ। ਅਮਰੀਕੀ ਟੈਰਿਫਾਂ ਬਾਰੇ ਸਿੱਧੇ ਤੌਰ ’ਤੇ ਕੋਈ ਜ਼ਿਕਰ ਨਾ ਕਰਦਿਆਂ ਮਲਹੋਤਰਾ ਨੇ ਕਿਹਾ ਕਿ ਆਲਮੀ ਵਪਾਰ ਚੁਣੌਤੀਆਂ ਜਾਰੀ ਰਹਿਣ ਦਰਮਿਆਨ ਤਿਉਹਾਰੀ ਸੀਜ਼ਨ ਦੌਰਾਨ ਅਰਥਚਾਰੇ ’ਚ ਉਤਸ਼ਾਹ ਬਣੇ ਰਹਿਣ ਦੀ ਸੰਭਾਵਨਾ ਹੈ। ਆਰਬੀਆਈ ਨੇ 2025-26 ਲਈ ਵਿਕਾਸ ਦਰ ਨੂੰ 6.5 ਫ਼ੀਸਦ ’ਤੇ ਕਾਇਮ ਰੱਖਿਆ ਹੈ।
ਆਲਮੀ ਵਿਕਾਸ ’ਚ ਅਮਰੀਕਾ ਨਾਲੋਂ ਵੱਧ ਯੋਗਦਾਨ ਪਾ ਰਿਹੈ ਭਾਰਤ: ਮਲਹੋਤਰਾ
ਮੁੰਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਅਰਥਚਾਰੇ ਨੂੰ ‘ਬੇਜਾਨ’ ਦੱਸਣ ਵਾਲੇ ਬਿਆਨ ’ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਭਾਰਤੀ ਅਰਥਚਾਰਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਆਲਮੀ ਵਿਕਾਸ ’ਚ ਉਹ ਅਮਰੀਕਾ ਤੋਂ ਕਿਤੇ ਵੱਧ ਯੋਗਦਾਨ ਪਾ ਰਿਹਾ ਹੈ। ਮਲਹੋਤਰਾ ਨੇ ਉਮੀਦ ਜਤਾਈ ਕਿ ਭਾਰਤੀ ਅਰਥਚਾਰਾ ਸਾਲ 2025 ’ਚ 6.5 ਫ਼ੀਸਦ ਦੀ ਦਰ ਨਾਲ ਵਧੇਗਾ ਜਦਕਿ ਆਲਮੀ ਵਿਕਾਸ ਦਰ ਤਿੰਨ ਫ਼ੀਸਦ ਰਹਿਣ ਦੀ ਸੰਭਾਵਨਾ ਹੈ। ਟਰੰਪ ਦੇ ਹਾਲੀਆ ਬਿਆਨਾਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਮਲਹੋਤਰਾ ਨੇ ਕਿਹਾ, ‘‘ਅਸੀਂ ਆਲਮੀ ਵਿਕਾਸ ’ਚ ਕਰੀਬ 18 ਫ਼ੀਸਦ ਦਾ ਯੋਗਦਾਨ ਦੇ ਰਹੇ ਹਾਂ ਜੋ ਕਰੀਬ 11 ਫ਼ੀਸਦ ਯੋਗਦਾਨ ਦੇਣ ਵਾਲੇ ਅਮਰੀਕਾ ਤੋਂ ਕਿਤੇ ਵੱਧ ਹੈ।’’ ਉਨ੍ਹਾਂ ਕਿਹਾ ਕਿ ਟੈਰਿਫ ਲਗਾਏ ਜਾਣ ਕਾਰਨ ਆਰਬੀਆਈ ਨੂੰ ਮਹਿੰਗਾਈ ਦਰ ’ਤੇ ਕਿਸੇ ਤਰ੍ਹਾਂ ਦਾ ਅਸਰ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਮਲਹੋਤਰਾ ਨੇ ਕਿਹਾ ਕਿ ਜੇ ਅਮਰੀਕੀ ਚਿੰਤਾਵਾਂ ਕਾਰਨ ਰੂਸੀ ਤੇਲ ਦੀ ਖ਼ਰੀਦ ਬੰਦ ਕੀਤੀ ਜਾਂਦੀ ਹੈ ਤਾਂ ਵੀ ਘਰੇਲੂ ਮਹਿੰਗਾਈ ਦਰ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਜੇ ਪੈਟਰੋਲੀਅਮ ਦੀਆਂ ਖ਼ਰੀਦ ਕੀਮਤਾਂ ’ਤੇ ਕੋਈ ਅਸਰ ਪੈਂਦਾ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਸ ਦਾ ਅਸਰ ਆਮ ਵਿਅਕਤੀ ’ਤੇ ਨਾ ਪਵੇ। ਉਨ੍ਹਾਂ ਤੇਲ ਮਹਿੰਗਾ ਹੋਣ ’ਤੇ ਡਿਊਟੀਆਂ ’ਚ ਸੰਭਾਵੀ ਕਟੌਤੀ ਦੇ ਸੰਕੇਤ ਦਿੱਤੇ। ਡਿਪਟੀ ਗਵਰਨਰ ਪੂਨਮ ਗੁਪਤਾ ਨੇ ਕਿਹਾ ਕਿ ਭੂ-ਸਿਆਸੀ ਮੁੱਦਿਆਂ ਦਾ ਸਿੱਧਾ ਅਸਰ ਘਰੇਲੂ ਮਹਿੰਗਾਈ ਦਰ ’ਤੇ ਨਹੀਂ ਹੋਵੇਗਾ। -ਪੀਟੀਆਈ