ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਨੀਤੀਗਤ ਰੈਪੋ ਦਰ ’ਚ 0.25 ਫੀਸਦ ਦੀ ਕਟੌਤੀ ਕੀਤੀ ਹੈ ਜਿਸ ਨਾਲ ਘਰ, ਵਾਹਨ ਅਤੇ ਹੋਰ ਕਰਜ਼ੇ ਸਸਤੇ ਹੋਣ ਦੀ ਉਮੀਦ ਹੈ। ਆਰ ਬੀ ਆਈ ਨੇ ਬੈਂਕਾਂ ’ਚ ਇਕ ਲੱਖ ਕਰੋੜ ਰੁਪਏ ਦੀ ਨਕਦੀ ਪਾਉਣ ਦਾ ਵੀ ਐਲਾਨ ਕੀਤਾ ਹੈ। ਇਸ ਨਾਲ ਅਰਥਚਾਰੇ ਨੂੰ ਅਮਰੀਕੀ ਟੈਰਿਫ ਦੇ ਅਸਰ ਤੋਂ ਸੁਰੱਖਿਅਤ ਰੱਖਣ ਅਤੇ ਰੁਪਏ ਦੀ ਕੀਮਤ ’ਚ ਆਈ ਗਿਰਾਵਟ ਨਾਲ ਸਿੱਝਣ ’ਚ ਸਹਾਇਤਾ ਮਿਲੇਗੀ। ਆਰ ਬੀ ਆਈ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਆਰਥਿਕ ਵਿਕਾਸ ਦਰ ਦਾ ਅਨੁਮਾਨ 6.8 ਫੀਸਦ ਤੋਂ ਵਧਾ ਕੇ 7.3 ਫੀਸਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਹਿੰਗਾਈ ਦਰ ਦਾ ਅੰਦਾਜ਼ਾ 2.6 ਫੀਸਦ ਤੋਂ ਘਟਾ ਕੇ 2 ਫੀਸਦ ਕਰ ਦਿੱਤਾ ਹੈ।
ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਹੇਠਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਵਿਆਜ ਦਰ 0.25 ਫੀਸਦ ਘਟਾ ਕੇ 5.25 ਫੀਸਦ ਕਰਨ ਅਤੇ ਨੀਤੀ ‘ਨਿਰਪੱਖ’ ਕਾਇਮ ਰੱਖਣ ਦਾ ਫੈਸਲਾ ਕੀਤਾ ਜਿਸ ਨਾਲ ਰੈਪੋ ਦਰ ’ਚ ਹੋਰ ਕਟੌਤੀ ਦੀ ਗੁੰਜਾਇਸ਼ ਬਣੀ ਰਹੇਗੀ। ਆਰ ਬੀ ਆਈ ਨੇ ਬੈਂਕਿੰਗ ਪ੍ਰਣਾਲੀ ’ਚ ਨਕਦੀ ਦਾ ਪ੍ਰਵਾਹ ਵਧਾਉਣ ਲਈ ‘ਓਪਨ ਮਾਰਕੀਟ ਅਪਰੇਸ਼ਨ’ ਰਾਹੀਂ ਇਕ ਲੱਖ ਕਰੋੜ ਰੁਪਏ ਦੇ ਸਰਕਾਰੀ ਬਾਂਡ ਖਰੀਦਣ ਅਤੇ ਪੰਜ ਅਰਬ ਡਾਲਰ ਦੀ ਤਿੰਨ ਸਾਲਾ ਡਾਲਰ/ਰੁਪਇਆ ਖਰੀਦ-ਵਿਕਰੀ ਅਦਲਾ-ਬਦਲੀ ਦਾ ਵੀ ਐਲਾਨ ਕੀਤਾ। ਇਸ ਤਹਿਤ 11 ਅਤੇ 18 ਦਸੰਬਰ ਨੂੰ ਦੋ ਕਿਸ਼ਤਾਂ ’ਚ 50-50 ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਬਾਂਡ ਖਰੀਦੇ ਜਾਣਗੇ; 5 ਅਰਬ ਡਾਲਰ ਦੀ ਖਰੀਦ-ਵਿਕਰੀ ਅਦਲਾ-ਬਦਲੀ 16 ਦਸੰਬਰ ਨੂੰ ਹੋਵੇਗੀ।
ਮਾਹਿਰਾਂ ਨੇ ਵਿਆਜ ਦਰਾਂ ’ਚ ਕਟੌਤੀ ਦਾ ਪੱਖ ਪੂਰਿਆ ਹੈ। ਐਡਲਵਾਈਜ਼ ਲਾਈਫ ਇੰਸ਼ੋਰੈਂਸ ਦੇ ਮੁੱਖ ਨਿਵੇਸ਼ ਅਧਿਕਾਰੀ ਰਿਤੇਸ਼ ਟਕਸਾਲੀ ਨੇ ਕਿਹਾ ਕਿ ਨੀਤੀ ਵਿਕਾਸ ਨੂੰ ਹਮਾਇਤ ਦੇਣ ਵਾਲੀ ਹੈ। ਇੰਡੀਆਬਾਂਡਜ਼ਡਾਟਕਾਮ ਦੇ ਸਹਿ-ਬਾਨੀ ਵਿਸ਼ਾਲ ਗੋਇਨਕਾ ਨੇ ਕਿਹਾ ਕਿ ਇਕ ਲੱਖ ਕਰੋੜ ਰੁਪਏ ਦੇ ਬਾਂਡ ਖਰੀਦਣ ਦੀ ਯੋਜਨਾ ਨਾਲ ਤਰਲਤਾ ਨੂੰ ਹੁਲਾਰਾ ਮਿਲੇਗਾ। ਐਕਸਿਸ ਸਕਿਉਰਿਟੀਜ਼ ਪੀ ਐੱਮ ਐੱਸ ਦੇ ਮੁੱਖ ਨਿਵੇਸ਼ ਅਧਿਕਾਰੀ ਨਵੀਨ ਕੁਲਕਰਨੀ ਨੇ ਕਿਹਾ ਕਿ ਵਿਆਜ ਦਰਾਂ ’ਚ ਕਟੌਤੀ ਨਾਲ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। -ਪੀਟੀਆਈ
ਮਹਿੰਗਾਈ ਨਰਮ ਰਹੀ ਤਾਂ ਵਿਆਜ ਹੋਰ ਘਟੇਗਾ
ਮੁੰਬਈ: ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਜਦੋਂ ਤੱਕ ਮਹਿੰਗਾਈ ਨਰਮ ਰਹਿੰਦੀ ਹੈ, ਨੀਤੀਗਤ ਰੈਪੋ ਦਰ ਘੱਟ ਹੀ ਰਹੇਗੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਰੈਪੋ ਦਰ ਕਿੰਨੀ ਹੋਰ ਹੇਠਾਂ ਜਾ ਸਕਦੀ ਹੈ ਪਰ ਇਹ ਜ਼ਰੂਰ ਕਿਹਾ ਕਿ ਬੈਂਕ ਦੇ ਮਹਿੰਗਾਈ ਅਨੁਮਾਨ ਨਰਮੀ ਦਿਖਾ ਰਹੇ ਹਨ। ਭਾਰਤ ਜਿਹੇ ਉਭਰਦੇ ਅਰਥਚਾਰੇ ਲਈ ਘੱਟ ਮਹਿੰਗਾਈ ਦਰ ਦਾ 0.2 ਫੀਸਦ ਪੱਧਰ ਸਹੀ ਨਹੀਂ, ਆਰ ਬੀ ਆਈ ਦਾ ਟੀਚਾ 4 ਫੀਸਦ ਹੈ ਤੇ ਇਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

