ਰਤਲੇ ਪਣ ਬਿਜਲੀ ਪ੍ਰਾਜੈਕਟ: ਅਧਿਕਾਰੀ ਵੱਲੋਂ ਭਾਜਪਾ ਵਿਧਾਇਕ ’ਤੇ ਦਖ਼ਲਅੰਦਾਜ਼ੀ ਦੇ ਦੋਸ਼
ਪ੍ਰਾਜੈਕਟ ਤੋਂ ਲਾਂਭੇ ਹੋਣ ਦੀ ਦਿੱਤੀ ਚਿਤਾਵਨੀ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ 850 ਮੈਗਾਵਾਟ ਰਤਲੇ ਹਾਈਡਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਦੀ ਉਸਾਰੀ ਨਾਲ ਜੁੜੇ ਸੀਨੀਅਰ ਅਧਿਕਾਰੀ ਹਰਪਾਲ ਸਿੰਘ ਨੇ ਭਾਜਪਾ ਦੇ ਵਿਧਾਇਕ ਸ਼ਗੁਨ ਪਰਿਹਾਰ ’ਤੇ ਕੰਮ ’ਚ ਦਖ਼ਲ ਦੇ ਦੋਸ਼ ਲਗਾਏ ਹਨ। ਉਸਾਰੀ ਦਾ ਕੰਮ ਦੇਖ ਰਹੀ ਕੰਪਨੀ ਮੇਘਾ ਇੰਜਨੀਅਰਿੰਗ ਐਂਡ ਇੰਫਰਾਸਟ੍ਰੱਕਚਰ ਲਿਮਟਿਡ ਦੇ ਜੁਆਇੰਟ ਚੀਫ ਅਪਰੇਟਿੰਗ ਅਫ਼ਸਰ ਹਰਪਾਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਕੰਮ ’ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਰਹੀਆਂ ਤਾਂ ਕੰਪਨੀ ਨੂੰ ਪ੍ਰਾਜੈਕਟ ਤੋਂ ਹੱਥ ਪਿੱਛੇ ਖਿੱਚਣੇ ਪੈ ਸਕਦੇ ਹਨ। ਵਿਧਾਇਕ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਹਰਪਾਲ ਸਿੰਘ ਨੇ ਕਿਹਾ ਕਿ ਕੰਪਨੀ ਨੇ ਪ੍ਰਾਜੈਕਟ ’ਚ ਵੱਡਾ ਨਿਵੇਸ਼ ਕੀਤਾ ਹੈ ਅਤੇ ਜੇ ਉਹ ਇਸ ਤੋਂ ਲਾਂਭੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ, ‘‘ਭਾਰਤ ਜਮਹੂਰੀ ਮੁਲਕ ਹੈ ਅਤੇ ਕੰਮ ’ਚ ਅੜਿੱਕਿਆਂ ਲਈ ਕੋਈ ਥਾਂ ਨਹੀਂ ਹੈ। ਕੰਪਨੀ ਪੂਰੀ ਤਰ੍ਹਾਂ ਧਰਮਨਿਰਪੱਖ ਹੈ ਅਤੇ ਉਹ ਨਾ ਤਾਂ ਕਿਸੇ ਪਾਰਟੀ ਦਾ ਵਿਰੋਧ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਹਮਾਇਤ ਦਿੰਦੇ ਹਨ, ਜੇ 133 ਮੀਟਰ ਉੱਚੇ ਡੈਮ ਅਤੇ ਅੰਡਰਗਰਾਊਂਡ ਪਾਵਰ ਹਾਊਸ ਦੀ ਉਸਾਰੀ ਦੌਰਾਨ ਰੁਕਾਵਟਾਂ ਪੈਦਾ ਕੀਤੀਆਂ ਜਾਣਗੀਆਂ ਤੇ ਅਤੇ ਨਾਜਾਇਜ਼ ਮੰਗਾਂ ਕੀਤੀਆਂ ਜਾਣਗੀਆਂ ਤਾਂ ਇਸ ਨਾਲ ਪ੍ਰਾਜੈਕਟ ਦੀ ਸੁਰੱਖਿਆ ਅਤੇ ਗੁਣਵੱਤਾ ’ਤੇ ਅਸਰ ਪੈ ਸਕਦਾ ਹੈ।’’ ਉਨ੍ਹਾਂ ਖ਼ਬਰ ਏਜੰਸੀ ਨੂੰ ਦੱਸਿਆ ਕਿ 4 ਦਸੰਬਰ ਨੂੰ ਕੁਝ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਠੇਕਿਆਂ ਦੀ ਜਾਣਕਾਰੀ ਅਤੇ ਵੱਡੇ ਪੱਧਰ ’ਤੇ ਭਰਤੀ ਕਰਨ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਉਸੇ ਦਿਨ ਕੰਪਨੀ ਦੇ ਐੱਚ ਆਰ ਮੁਖੀ ’ਤੇ ਹਮਲਾ ਵੀ ਹੋਇਆ, ਜਿਸ ਕਾਰਨ ਅਮਲੇ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਇਹ ਮਾਮਲਾ ਡਿਪਟੀ ਕਮਿਸ਼ਨਰ ਕੋਲ ਵੀ ਚੁੱਕਿਆ ਹੈ ਅਤੇ ਪੁਲੀਸ ਕੋਲ ਕੇਸ ਦਰਜ ਕਰਵਾਇਆ ਹੈ।

