ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੌਰਾਨ RAT ਅਮਲ ’ਚ ਆਇਆ, ਜਹਾਜ਼ ਦੀ ਸੁਰੱਖਿਅਤ ਲੈਂਡਿੰਗ
ਏਅਰਲਾਈਨ ਨੇ ਜਹਾਜ਼ ਦੀ ਜਾਂਚ ਲਈ ਬਰਮਿੰਘਮ-ਅੰਮ੍ਰਿਤਸਰ ਉਡਾਣ ਰੱਦ ਕੀਤੀ
ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਉਡਾਣ ਦੇ ਅਮਲੇ ਨੇ ਦਾਅਵਾ ਕੀਤਾ ਹੈ ਕਿ 4 ਅਕਤੂਬਰ ਨੂੰ ਬਰਮਿੰਘਮ ਹਵਾਈ ਅੱਡੇ ’ਤੇ ਲੈਂਡ ਕਰਨ ਤੋਂ ਪਹਿਲਾਂ ਜਹਾਜ਼ ਬੋਇੰਗ 787 ਵਿਚ ਰੈਮ ਏਅਰ ਟਰਬਾਈਨ (RAT) ਨੂੰ ਅਚਾਨਕ ਅਮਲ ਵਿਚ ਲਿਆਉਣਾ ਪਿਆ। ਹਾਲਾਂਕਿ ਜਹਾਜ਼ ਸੁਰੱਖਿਅਤ ਉੱਤਰ ਗਿਆ।
ਦੱਸਣਾ ਬਣਦਾ ਹੈ ਕਿ RAT ਨੂੰ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋਣ ਜਾਂ ਫਿਰ ਇਲੈਕਟ੍ਰੋਨਿਕ ਜਾਂ ਹਾਈਡਰੌਲਿਕ ਸਿਸਟਮ ਫੇਲ੍ਹ ਦੀ ਸਥਿਤੀ ਵਿਚ ਹੀ ਅਮਲ ’ਚ ਲਿਆਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜਹਾਜ਼ ਐਮਰਜੈਂਸੀ ਪਾਵਰ ਜਨਰੇਟ ਕਰਨ ਲਈ ਹਵਾ ਦੀ ਰਫ਼ਤਾਰ ਨੂੰ ਵਰਤਦਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਬਰਮਿੰਘਮ-ਦਿੱਲੀ ਉਡਾਣ ਰੱਦ ਕਰ ਦਿੱਤੀ ਹੈ ਤੇ ਜਹਾਜ਼ ਨੂੰ ਜਾਂਚ ਲਈ ਅਜੇ ਜ਼ਮੀਨ ’ਤੇ ਹੀ ਰੱਖਿਆ ਜਾਵੇਗਾ।
ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, ‘‘4 ਅਕਤੂਬਰ 2025 ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ AI117 ਦੇ ਓਪਰੇਟਿੰਗ ਕਰੂ ਨੇ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਰੈਮ ਏਅਰ ਟਰਬਾਈਨ (RAT) ਦੀ ਤਾਇਨਾਤੀ ਦਾ ਪਤਾ ਲਗਾਇਆ। ਸਾਰੇ ਇਲੈਕਟ੍ਰੀਕਲ ਅਤੇ ਹਾਈਡ੍ਰੌਲਿਕ ਮਾਪਦੰਡ ਆਮ ਪਾਏ ਗਏ, ਅਤੇ ਜਹਾਜ਼ ਨੇ ਬਰਮਿੰਘਮ ਵਿਚ ਸੁਰੱਖਿਅਤ ਲੈਂਡਿੰਗ ਕੀਤੀ।’’ ਏਅਰਲਾਈਨ ਨੇ ਹਾਲਾਂਕਿ ਜਹਾਜ਼ ਵਿਚ ਸਵਾਰ ਯਾਤਰੀਆਂ ਤੇ ਅਮਲੇ ਦੇ ਅੰਕੜੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਵਿੱਚ ਏਅਰ ਇੰਡੀਆ ਬੋਇੰਗ 787 ਜਹਾਜ਼ ਹਾਦਸੇ ਦੇ ਕਈ ਸੰਭਾਵਿਤ ਕਾਰਨਾਂ ਵਿੱਚ ਇੰਜਣ ਜਾਂ ਹਾਈਡ੍ਰੌਲਿਕ/ਇਲੈਕਟ੍ਰੀਕਲ ਸਿਸਟਮ ਦਾ ਫੇਲ੍ਹ ਹੋਣਾ ਵੀ ਸ਼ਾਮਲ ਸੀ।