ਜਬਰ ਜਨਾਹ ਮਾਮਲਾ: ਪ੍ਰਜਵਲ ਰੇਵੰਨਾ ਵੱਲੋਂ ਸਜ਼ਾ ਦੇ ਫੈਸਲੇ ਨੂੰ ਕਰਨਾਟਕ ਹਾਈ ਕੋਰਟ ’ਚ ਚੁਣੌਤੀ
ਸਾਬਕਾ ਜੇਡੀ(ਐੱਸ) ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਆਪਣੀ ਸਜ਼ਾ ਦੇ ਖ਼ਿਲਾਫ਼ ਅਪੀਲ ਕਰਦੇ ਹੋਏ ਕਰਨਾਟਕ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਪਿਛਲੇ ਮਹੀਨੇ ਰੇਵੰਨਾ ਨੂੰ ਦੋਸ਼ੀ ਠਹਿਰਾਉਣ ਵਾਲੀ ਇੱਕ ਵਿਸ਼ੇਸ਼ ਅਦਾਲਤ ਨੇ ਉਸ...
ਸੰਸਦ ਮੈਂਬਰਾਂ/ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਉਸ ’ਤੇ ਕੁੱਲ 11.50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ ਅਤੇ ਕਿਹਾ ਸੀ ਕਿ ਇਸ ਜੁਰਮਾਨੇ ਦੀ ਰਕਮ ਵਿੱਚੋਂ 11.25 ਲੱਖ ਰੁਪਏ ਪੀੜਤਾ ਨੂੰ ਅਦਾ ਕੀਤੇ ਜਾਣਗੇ।
ਰੇਵੰਨਾ, ਜਿਸ ਨੂੰ ਪਿਛਲੇ ਸਾਲ ਮਈ ਵਿੱਚ ਜਰਮਨੀ ਤੋਂ ਵਾਪਸ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਕਈ ਆਧਾਰਾਂ ’ਤੇ ਫੈਸਲੇ ਨੂੰ ਚੁਣੌਤੀ ਦੇ ਰਿਹਾ ਹੈ। ਇਸ ਵਿੱਚ ਉਹ ਦਾਅਵਾ ਕਰਦਾ ਹੈ ਕਿ ਪੀੜਤਾ ਦੇ ਬਿਆਨ ਵਿੱਚ ਵਿਰੋਧਾਭਾਸ ਅਤੇ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਵਿੱਚ ਊਣਤਾਈਆਂ ਹਨ।
ਜਿਸ ਕੇਸ ਵਿੱਚ ਪ੍ਰਜਵਲ ਨੂੰ ਸਜ਼ਾ ਸੁਣਾਈ ਗਈ ਹੈ, ਉਹ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ ਵਿੱਚ ਪਰਿਵਾਰ ਦੇ ਗਨਿਕਦਾ ਫਾਰਮ ਹਾਊਸ ਵਿੱਚ ਇੱਕ ਸਹਾਇਕ ਵਜੋਂ ਕੰਮ ਕਰਨ ਵਾਲੀ 48 ਸਾਲਾ ਔਰਤ ਨਾਲ ਸਬੰਧਤ ਹੈ। ਕਥਿਤ ਤੌਰ ’ਤੇ ਉਸ ਨਾਲ 2021 ਵਿੱਚ ਦੋ ਵਾਰ ਜਬਰ ਜਨਾਹ ਕੀਤਾ ਗਿਆ ਸੀ ਅਤੇ ਇਸ ਕਾਰਵਾਈ ਨੂੰ ਦੋਸ਼ੀ ਨੇ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਿਆ ਸੀ।
ਟਰਾਈਲ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਉਣ ਲਈ ਵੀਡੀਓ ਫੁਟੇਜ, ਵਾਲਾਂ ਦੇ ਡੀਐੱਨਏ ਵਿਸ਼ਲੇਸ਼ਣ ਅਤੇ ਪੀੜਤਾ ਦੇ ਕੱਪੜਿਆਂ 'ਤੇ ਮਿਲੇ ਜੈਵਿਕ ਨਿਸ਼ਾਨ ਸਮੇਤ ਕਈ ਸਬੂਤਾਂ ’ਤੇ ਭਰੋਸਾ ਕੀਤਾ ਸੀ।
ਆਪਣੀ ਪਟੀਸ਼ਨ ਵਿੱਚ ਰੇਵੰਨਾ ਨੇ ਦਲੀਲ ਦਿੱਤੀ ਹੈ ਕਿ ਸ਼ਿਕਾਇਤਕਰਤਾ ਦਾ ਬਿਆਨ ਉਸ ਦੀ ਪੁਲੀਸ ਸ਼ਿਕਾਇਤ ਨਾਲ ਮੇਲ ਨਹੀਂ ਖਾਂਦਾ। ਉਸ ਨੇ ਕੁਝ ਸਬੂਤਾਂ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਉਠਾਏ ਹਨ।